ਸਤਵਿੰਦਰ ਬਸਰਾ
ਲੁਧਿਆਣਾ, 3 ਮਾਰਚ
ਸਰਕਾਰੀ ਸਕੂਲਾਂ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਪੜ੍ਹਨ ਆਉਂਦੇ ਵਿਦਿਆਰਥੀਆਂ ਨੂੰ ਟ੍ਰਾਂਸਪੋਰਟ ਸਹੂਲਤ ਦੇਣ ਦੀ ਚੱਲ ਰਹੀ ਪਲਾਨਿੰਗ ਤਹਿਤ ਸਰਕਾਰੀ ਸਕੂਲਾਂ ਦੇ ਮੁਖੀਆਂ ਤੋਂ ਦੂਰੋਂ ਆਉਂਦੇ ਵਿਦਿਆਰਥੀਆਂ ਦੀ ਜਾਣਕਾਰੀ ਮੰਗੀ ਗਈ ਹੈ। ਇਸ ਉਪਰਾਲੇ ਦਾ ਗੌਰਮਿੰਟ ਟੀਚਰਜ਼ ਯੂਨੀਅਨ ਦੀ ਲੁਧਿਆਣਾ ਇਕਾਈ ਨੇ ਨਿੱਘਾ ਸਵਾਗਤ ਕੀਤਾ ਹੈ। ਸਨਅਤੀ ਸ਼ਹਿਰ ਦਾ ਦਾਇਰਾ ਵੱਡਾ ਹੋਣ ਕਰਕੇ ਕਈ ਵਾਰ ਵਿਦਿਆਰਥੀਆਂ ਨੂੰ ਕਈ-ਕਈ ਕਿਲੋਮੀਟਰ ਦਾ ਸਫਰ ਕਰਕੇ ਸਰਕਾਰੀ ਸਕੂਲ ’ਚ ਪੜ੍ਹਨ ਜਾਣਾ ਪੈਂਦਾ ਹੈ। ਅਜਿਹੇ ਬੱਚਿਆਂ ਨੂੰ ਟ੍ਰਾਂਸਪੋਰਟ ਸਹੂਲਤ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਤਹਿਤ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਦਫਤਰ ਵੱਲੋਂ ਸਮੂਹ ਡੀਈਓਜ਼ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਦੂਰ-ਦੁਰਾਡੇ ਖੇਤਰਾਂ ਤੋਂ ਆਉਂਦੇ ਵਿਦਿਆਰਥੀਆਂ ਦੀ ਜਾਣਕਾਰੀ ਪੋਰਟਲ ’ਤੇ ਅਪਲੋਡ ਕਰਨ ਲਈ ਕਿਹਾ ਗਿਆ ਹੈ। ਇਸ ਪੱਤਰ ਵਿੱਚ ਲਿਖਿਆ ਹੈ ਕਿ ਟ੍ਰਾਂਸਪੋਰਟ ਸੁਵਿਧਾ ਮੁਹੱਈਆ ਕਰਵਾਉਣ ਦੀ ਯੋਜਨਾਬੰਦੀ ਲਈ ਸਿੱਖਿਆ ਵਿਭਾਗ ਵੱਲੋਂ ਤਿਆਰ ਪੋਰਟਲ ’ਤੇ ਜਾਣਕਾਰੀ ਭਰੀ ਜਾਵੇ। ਦੂਜੇ ਪਾਸੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਡੀਈਓ ਸੈਕੰਡਰੀ ਜਸਵਿੰਦਰ ਕੌਰ ਨੇ ਕਿਹਾ ਕਿ ਇਹ ਸੂਬਾ ਪੱਧਰ ਦੀ ਯੋਜਨਾ ਹੈ। ਟ੍ਰਾਂਸਪੋਰਟ ਦੀ ਇਹ ਸਹੂਲਤ ਸਕੂਲ, ਜ਼ਿਲ੍ਹਾ, ਸੂਬਾ ਪੱਧਰ ’ਤੇ ਉਪਲੱਬਧ ਹੋਵੇਗੀ, ਇਸ ਬਾਰੇ ਅਜੇ ਤੱਕ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।