ਡੀਪੀਐੱਸ ਬੱਤਰਾ
ਸਮਰਾਲਾ, 26 ਨਵੰਬਰ
ਪੰਜਾਬ ਰਾਜ ਪਾਵਰਕੌਮ ਲਿਮਟਿਡ ਵਿੱਚ ਸਮੁੱਚੀਆਂ ਜਥੇਬੰਦੀਆਂ ਵੱਲੋਂ ਸਮੂਹਿਕ ਛੁੱਟੀ ਦੇ ਕੀਤੇ ਜਾ ਰਹੇ ਸੰਘਰਸ਼ ਨੂੰ ਜਾਰੀ ਰੱਖਦਿਆਂ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਅਤੇ ਗਰਿੱਡ ਸਬ ਸਟੇਸ਼ਨ ਵੱਲੋਂ ਇੰਨਡੋਰ ਸ਼ਿਕਾਇਤਘਰ ਸਮਰਾਲਾ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਵੱਲੋਂ ਲੁਧਿਆਣਾ-ਚੰਡੀਗੜ੍ਹ ਹਾਈਵੇਅ ਬੰਦ ਕਰਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਅਰਥੀ ਫੂਕੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੀਐੱਸਯੂ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਪਿੱਛੋਂ ਸਮਰਾਲਾ ਦੇ ਬਾਜ਼ਾਰ ਵਿੱਚ ਰੋਸ ਰੈਲੀ ਕੱਢੀ ਗਈ ਅਤੇ ਵਿਸ਼ਾਲ ਮਾਰਚ ਐੱਸਡੀਐੱਮ ਸਮਰਾਲਾ ਦੇ ਦਫਤਰ ਪਹੁੰਚਿਆ ਅਤੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲੈਣ ਉਪਰੰਤ ਇਹ ਧਰਨਾ ਸਮਾਪਤ ਹੋਇਆ। ਸ੍ਰੀ ਸੇਖੋਂ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਮਹਿਕਮੇ ਦੀਆਂ ਪ੍ਰਮੁੱਖ ਅਸਾਮੀਆਂ ’ਤੇ ਕੰਮ ਕਰ ਰਹੇ ਜ਼ਿਆਦਾਤਰ ਮੁਲਾਜ਼ਮਾਂ ਨੂੰ ਪੇਅ-ਰਿਵੀਜ਼ਨ ਕਮੇਟੀ ਦੀ ਰਿਪੋਰਟ ਅਨੁਸਾਰ 1 ਦਸੰਬਰ 2011 ਤੋਂ ਵਧਿਆ ਪੇ-ਬੈਂਡ ਦੀ ਅਦਾਇਗੀ ਨਹੀਂ ਦਿੱਤੀ ਜਾ ਰਹੀ। ਜਥੇਬੰਦੀਆਂ ਨਾਲ ਹੋਰ ਵਾਰ-ਵਾਰ ਸਮਝੌਤਿਆਂ ਤੋਂ ਉਲਟ ਇਕ ਪਾਸੜ ਤੌਰ ’ਤੇ ਨਵੇਂ ਪੇਅ-ਸਕੇਲ ਬਿਨਾਂ ਵਧੇ ਪੇਅ-ਬੈਂਡ ਜਬਰੀ ਜਾਰੀ ਕਰ ਦਿੱਤੇ ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਫੈਲ ਗਿਆ। ਉਨ੍ਹਾਂ ਮੰਗ ਕੀਤੀ ਕਿ ਪਟਿਆਲਾ ਸਰਕਲ ਦੇ ਮੁੜ ਡਿਸਮਿਸ ਆਗੂ ਬਹਾਲ ਕੀਤੇ ਜਾਣ, ਸੇਵਾਮੁਕਤ ਆਗੂਆਂ ਦੀ 33 ਫ਼ੀਸਦ ਕਟੌਤੀ ਦੇ ਹੁਕਮ ਵਾਪਸ ਲਏ ਜਾਣ, ਹਰ ਤਰ੍ਹਾਂ ਦੇ ਕੱਚੇ ਕਾਮੇ ਸਮੇਤ ਸੀਐੱਚਬੀ ਕਾਮੇ ਪੱਕੇ ਕੀਤੇ ਜਾਣ, ਨਵੀਂ ਪੱਕੀ ਭਰਤੀ ਕੀਤੀ ਜਾਵੇ, ਜਥੇਬੰਦੀ ਵੱਲੋਂ ਦਿੱਤੇ ਖਰੜੇ ਅਨੁਸਾਰ ਪੇਅ-ਸਕੇਲ ਸੋਧੇ ਜਾਣ, ਹਰ ਤਰ੍ਹਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਨਹੀਂ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਰੋਸ ਮਾਰਚ ਪ੍ਰਮੁੱਖ ਤੌਰ ਤੇ ਇੰਜਨੀਅਰ ਰਘਵੀਰ ਸਿੰਘ ਪ੍ਰਧਾਨ, ਇੰਜਨੀਅਰ ਗੁਰਜੀਤ ਸਿੰਘ ਗਿੱਲ, ਇੰਜਨੀਅਰ ਗੁਰਿੰਦਰ ਸਿੰਘ ਗਿੱਲ, ਇੰਜਨੀਅਰ ਦਰਸ਼ਨ ਸਿੰਘ ਢੰਡਾ, ਸੰਗਤ ਸਿੰਘ ਸੇਖੋਂ ਪ੍ਰਧਾਨ ਟੀਸੀਯੂ, ਬਲਦੇਵ ਸਿੰਘ ਪ੍ਰਧਾਨ ਖਮਾਣੋਂ, ਮਹਿੰਦਰ ਸਿੰਘ, ਮੋਹਣ ਸਿੰਘ, ਅੰਮ੍ਰਿਤ ਸਿੰਘ ਸਰਕਲ ਪ੍ਰਧਾਨ ਲੁਧਿਆਣਾ, ਬਲਦੇਵ ਸਿੰਘ ਮੀਤ ਪ੍ਰਧਾਨ ਸਰਕਲ ਰੋਪੜ, ਬਲਕਾਰ ਸਿੰਘ ਮੰਡਲ ਸਮਰਾਲਾ ਸ਼ਾਮਲ ਸਨ।
ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਪ੍ਰਸ਼ਾਸਨ ਨੂੰ ਮੰਗ ਪੱਤਰ
ਟੀਐੱਸਯੂ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਪਿੱਛੋਂ ਸਮਰਾਲਾ ਦੇ ਬਾਜ਼ਾਰ ਵਿੱਚ ਰੋਸ ਰੈਲੀ ਕੱਢੀ ਗਈ ਅਤੇ ਵਿਸ਼ਾਲ ਮਾਰਚ ਐੱਸਡੀਐੱਮ ਸਮਰਾਲਾ ਦੇ ਦਫਤਰ ਪਹੁੰਚਿਆ ਅਤੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ।