ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਮਈ
ਅੱਜ ਇਥੋਂ ਦੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਬਰਾਂ ਨੇ ਕਰਤਾਰ ਚੰਦ ਤੇ ਜਗਦੇਵ ਸਿੰਘ ਦੀ ਪ੍ਰਧਾਨਗੀ ਹੇਠ ਪਾਵਰਕੌਮ ਐਂਡ ਟ੍ਰਾਂਸਕੋ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਇਥੋਂ ਦੇ ਸਮਰਾਲਾ ਰੋਡ ਸਥਿਤ ਸ਼ਿਕਾਇਤ ਕੇਂਦਰ ਵਿੱਚ ਰੋਸ ਰੈਲੀ ਕੱਢਦਿਆਂ ਨਾਅਰੇਬਾਜ਼ੀ ਕੀਤੀ। ਸਰਕਾਰ ਤੇ ਮੈਨੇਜਮੈਂਟ ਦੀਆਂ ਮੁਲਾਜ਼ਮ, ਮਜ਼ਦੂਰ, ਪੈਨਸ਼ਨਰ ਤੇ ਮਿਹਨਤਕਸ਼ ਲੋਕ ਮਾਰੂ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਸੇਵਾ ਸ਼ਰਤਾਂ ਵਿੱਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ, ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਵਾਪਸ ਲੈ ਕੇ ਰੋਪੜ ਤੇ ਬਠਿੰਡਾ ਥਰਮਲਾਂ ਨੂੰ ਮੁੜ ਸਰਕਾਰੀ ਤੌਰ ’ਤੇ ਚਾਲੂ ਕੀਤਾ ਜਾਵੇ, ਬੀਬੀਐੱਮਬੀ ਦਾ ਪ੍ਰਬੰਧ ਪਹਿਲਾ ਦੀ ਤਰ੍ਹਾਂ ਪੰਜਾਬ, ਹਰਿਆਣਾ ਦੀਆਂ ਸਰਕਾਰਾਂ ਰਾਹੀਂ ਸਰਕਾਰੀ ਤੌਰ ’ਤੇ ਰੱਖਿਆ ਜਾਵੇ, ਚੰਡੀਗੜ੍ਹ ਬਿਜਲੀ ਬੋਰਡ ਦਾ ਪ੍ਰਬੰਧ ਵੀ ਸਰਕਾਰੀ ਤੌਰ ’ਤੇ ਪਹਿਲਾ ਦੀ ਤਰ੍ਹਾਂ ਰੱਖਿਆ ਜਾਵੇ, ਸਰਕਾਰੀ ਤੇ ਅਰਧ ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਵਿੱਚ ਛੋਟ ਦਿੱਤੀ ਜਾਵੇ, ਸਸਤੀਆਂ ਸਿਹਤ ਸਹੂਲਤਾਂ, ਸਸਤਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ, ਮੈਡੀਕਲ ਕੈਸ਼ਲੈੱਸ ਸਕੀਮ ਮੁੜ ਚਾਲੂ ਕੀਤੀ ਜਾਵੇ, ਡੀਏ ਦਾ ਬਕਾਇਆ ਜਲਦ ਦਿੱਤਾ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦਾ ਗੁਲਾਬੀ ਸੁੰਡੀ ਤੇ ਕਣਕ ਅਤੇ ਗੰਨੇ ਦਾ ਮੁਆਵਜ਼ਾ ਦਿੱਤਾ ਜਾਵੇ, ਗਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ ਆਦਿ ਮੰਗਾਂ ਰੱਖੀਆਂ।