ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 3 ਫਰਵਰੀ
ਆਪਣੇ ਆਗੂਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਇੱਥੋਂ ਦੇ ਛੋਟੇ ਸਿਆਸੀ ਲੀਡਰਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਅਣਦੇਖੀ ਕਰਦਿਆਂ ਨਿੱਜੀ ਸੰਪਤੀ ਦੇ ਨਾਲ-ਨਾਲ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਉੱਪਰ ਵੀ ਪੋਸਟਰ ਤੇ ਬੈਨਰ ਆਦਿ ਵੱਡੀ ਗਿਣਤੀ ਵਿੱਚ ਲਗਾਏ ਜਾ ਰਹੇ ਹਨ। ਨਗਰ ਕੌਂਸਲ ਅਧਿਕਾਰੀਆਂ ਵੱਲੋਂ ਭਾਵੇਂ ਰੁਟੀਨ ਵਿੱਚ ਇਹ ਪੋਸਟਰ ਆਦਿ ਉਤਾਰਨ ਲਈ ਮੁਲਾਜ਼ਮ ਲਗਾਏ ਹੋਏ ਹਨ ਪਰ ਕਿਸੇ ਸ਼ਹਿਰੀ ਜਾਂ ਉਮੀਦਵਾਰ ਦੇ ਨੁਮਾਇੰਦਿਆਂ ਵੱਲੋਂ ਕੋਈ ਸ਼ਿਕਾਇਤ ਨਾ ਪ੍ਰਾਪਤ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਬੂਟਾ ਚੱਕੀ ਮੁਹੱਲੇ ਦੀ ਵਸਨੀਕ ਚਾਰੂ ਸ਼ਰਮਾ ਨੇ ਦੱਸਿਆ ਕਿ ਜਦੋਂ ਰਾਤ ਵੇਲੇ ਪੋਸਟਰ ਲਗਾਉਣ ਵਾਲਿਆਂ ਨੂੰ ਰੋਕਿਆ ਜਾਂਦਾ ਹੈ ਤਾਂ ਲੜਾਈ ਹੋਣ ਦਾ ਡਰ ਲੱਗਿਆ ਰਹਿੰਦਾ ਹੈ। ਉਸ ਨੇ ਅਫਸੋਸ ਪ੍ਰਗਟ ਕੀਤਾ ਕਿ ਜਦੋਂ ਅੱਜ ਉਸ ਦੀ ਮਾਤਾ ਨੇ ਪੋਸਟਰ ਲਗਾ ਰਹੇ ਬੰਦਿਆਂ ਨੂੰ ਰੋਕਿਆ ਤਾਂ ਉਹ ਕਹਿ ਕੇ ਆਪਣਾ ਕੰਮ ਕਰੀ ਗਏ ਕਿ ਜੇ ਉਨ੍ਹਾਂ ਦਾ ਉਮੀਦਵਾਰ ਜਿੱਤ ਗਿਆ ਤਾਂ ਉਹ ਸਾਰੇ ਘਰ ਨੂੰ ਰੋਗਨ ਕਰਵਾ ਦੇਵੇਗਾ।
ਸਥਾਨਕ ਥਾਣੇ ਦੇ ਮੁਲਾਜ਼ਮਾਂ ਨੇ ਪੁੱਛੇ ਜਾਣ ’ਤੇ ਦਾਅਵਾ ਕੀਤਾ ਕਿ ਇਸ ਸਬੰਧੀ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਕਿਸੇ ਵੀ ਸ਼ਹਿਰੀ ਨੇ ਇਸ ਸਬੰਧ ਵਿੱਚ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ।