ਪੱਤਰ ਪ੍ਰੇਰਕ
ਜਗਰਾਉਂ, 4 ਮਈ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਅਧਿਕਾਰ ਖੇਤਰ ਵਿੱਚ ਅਪਰਾਧ ਦਰ ਨੂੰ ਰੋਕਣ ਲਈ ਜ਼ਿਲ੍ਹੇ ਦੇ ਉੱਚ-ਪੁਲੀਸ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਹੋਟਲ, ਢਾਬੇ, ਰੈਸਟੋਰੈਂਟ ਮਾਲਕਾਂ ਅਤੇ ਪਹਿਲੇ ਦਰਜੇ ਦੇ ਸਟਾਫ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸਪੀ ਪ੍ਰਿਥੀਪਾਲ ਸਿੰਘ ਬਟਾਲਾ, ਕਪਤਾਨ ਪੁਲੀਸ ਹਰਸ਼ਦੀਪ ਸਿੰਘ (ਸਾਈਬਰ ਕ੍ਰਾਈਮ) ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਵੱਧ ਰਹੇ ਸਾਈਬਰ ਕਰਾਈਮ,ਚੋਰੀ, ਡਕੈਤੀ ਆਦਿ ਨੂੰ ਠੱਲ ਪਾਉਣ ਲਈ ਸਾਂਝੇ ਉੱਦਮ ਦੀ ਲੋੜ ਹੈ। ਉਨ੍ਹਾਂ ਸਾਰੀਆਂ ਧਿਰਾਂ ਨੂੰ ਹਦਾਇਤ ਕੀਤੀ ਕਿ ਪਾਰਕਿੰਗ ਵਾਲੀਆਂ ਥਾਵਾਂ ਸਮੇਤ ਸਾਰੀਆਂ ਲੋੜੀਦੀਆਂ ਥਾਵਾਂ ’ਤੇ ਉਚ ਦਰਜੇ ਦੇ ਸੀਸੀਟੀਵੀ ਕੈਮਰੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸਾਰੀਆਂ ਥਾਵਾਂ ’ਤੇ ਕੰਮ ਕਰਨ ਵਾਲੇ ਸਾਰੇ ਸਟਾਫ ਦੀ ਜਾਣਕਾਰੀ ਸਬੰਧਤ ਪੁਲੀਸ ਸਟੇਸ਼ਨ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਥਾਵਾਂ ’ਤੇ ਪੁਲੀਸ ਹੈਲਪਲਾਈਨ ਨੰਬਰ ਲਿਖੇ ਜਾਣ ਅਤੇ ਬਾਲ ਮਜ਼ਦੂਰੀ ਤੋਂ ਪ੍ਰਹੇਜ਼ ਹੀ ਕੀਤਾ ਜਾਵੇ । ਹਾਜ਼ਰੀਨ ਨੇ ਪੁਲੀਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਵੱਚਨਵੱਧਤਾ ਦੁਹਰਾਈ ।