ਪੱਤਰ ਪ੍ਰੇਰਕ
ਮਾਛੀਵਾੜਾ, 12 ਅਪਰੈਲ
ਸਥਾਨਕ ਪੁਲੀਸ ਨੇ ਇਲਾਕੇ ਵਿਚ ਨਸ਼ਾ ਸਪਲਾਈ ਕਰਨ ਵਾਲੇ ਮੁੱਖ ਸਰਗਨੇ ਮਲਕੀਤ ਸਿੰਘ ਉਰਫ਼ ਮੰਤਰੀ ਵਾਸੀ ਚਕਲੀ ਮੰਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 1050 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਮਲਕੀਤ ਸਿੰਘ ਉਰਫ਼ ਮੰਤਰੀ ਮਾਛੀਵਾੜਾ ਇਲਾਕੇ ਵਿਚ ਨਸ਼ਾ ਸਪਲਾਈ ਕਰਕੇ ਨੌਜਵਾਨਾਂ ਨੂੰ ਕੁਰਾਹੇ ਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਵਲੋਂ ਗੜ੍ਹੀ ਤਰਖਾਣਾ ਪੁਲ ’ਤੇ ਨਾਕਾ ਲਾਇਆ ਹੋਇਆ ਸੀ, ਤਾਂ ਇੱਕ ਨੌਜਵਾਨ ਸਮਰਾਲਾ ਵੱਲੋਂ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ। ਉਹ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਿਆ ਅਤੇ ਉਸ ਨੇ ਆਪਣੀ ਜੇਬ ’ਚੋਂ ਇੱਕ ਵਜ਼ਨਦਾਰ ਲਿਫ਼ਾਫਾ ਸੜਕ ’ਤੇ ਕਿਨਾਰੇ ਸੁੱਟ ਦਿੱਤਾ। ਪੁਲੀਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਦੀ ਪਛਾਣ ਮਲਕੀਤ ਸਿੰਘ ਉਰਫ਼ ਮੰਤਰੀ ਵਜੋਂ ਹੋਈ ਅਤੇ ਉਸ ਵੱਲੋਂ ਸੁੱਟੇ ਲਿਫ਼ਾਫੇ ’ਚੋਂ 1050 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਵਲੋਂ ਉਸ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਮਲਕੀਤ ਸਿੰਘ ਉਰਫ਼ ਮੰਤਰੀ ਮਾਛੀਵਾੜਾ ਇਲਾਕੇ ਵਿਚ ਰੋਜ਼ਾਨਾ 30 ਤੋਂ 40 ਗ੍ਰਾਮ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ।