ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਮਈ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਰੂ-ਬ-ਰੂ ਪ੍ਰੋਗਰਾਮ ਦੌਰਾਨ ਮਕਬੂਲ ਸ਼ਾਇਰ ਡਾਕਟਰ ਸੁਰਜੀਤ ਪਾਤਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਵਿਤਾ ਕਵੀ ਦੇ ਦੁੱਖ-ਸੁੱਖ ਵਿੱਚੋਂ ਹੀ ਉਪਜਦੀ ਹੈ। ਕਵੀ ਜਦੋਂ ਵੀ ਲਿਖਦਾ ਹੈ ਤਾਂ ਉਹ ਆਪਣੇ ਦੁਆਲੇ ਵਾਪਰ ਰਹੇ ਵਰਤਾਰੇ ਦੀ ਕਹਾਣੀ ਲਿਖਦਾ ਹੈ। ਉਨ੍ਹਾਂ ਕਿਹਾ ਕਿ ਹਰ ਅਸਫ਼ਲਤਾ ਵਿੱਚੋਂ ਹੀ ਸਫਲਤਾ ਮਿਲਦੀ ਹੈ ਅਤੇ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਸਾਡੀ ਕਿਸੇ ਪੱਧਰ ’ਤੇ ਹਾਰ ਹੋ ਗਈ ਹੈ ਅਤੇ ਇਹੀ ਅੰਤਿਮ ਸੀ। ਆਪਣੇ ਜੀਵਨ ਦੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ‘ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ….’ ਕਵਿਤਾ ਉਨ੍ਹਾਂ ਦੇ ਜੀਵਨ ਦੇ ਆਰੰਭਲੇ ਦਿਨਾਂ ਦੇ ਪਰਿਵਾਰਕ ਦੁੱਖ ਦਾ ਬਿਰਤਾਂਤ ਹੈ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਹੀ ਜੀਵਨ ਨੂੰ ਸ਼ਿੰਗਾਰਦੀ ਹੈ।
ਸਮਾਗਮ ਦੇ ਅਰੰਭ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ਅਵਿਨਾਸ਼ ਕੌਰ ਨੇ ਡਾਕਟਰ ਸੁਰਜੀਤ ਪਾਤਰ ਦਾ ਸਵਾਗਤ ਕਰਦਿਆਂ ਗੁਲਦਸਤਾ ਭੇਟ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਕਵਿਤਾ ਹੀ ਜੀਵਨ ਦੇ ਹਰ ਰੰਗ ਨੂੰ ਪੇਸ਼ ਕਰਦੀ ਹੈ ਅਤੇ ਪਾਤਰ ਸਾਹਿਬ ਦੀ ਕਵਿਤਾ ਹਰ ਬਲ਼ ਰਹੇ ਰੁੱਖ ਦੀ ਦਾਸਤਾਨ ਪੇਸ਼ ਕਰਦੀ ਹੈ। ਭਾਸ਼ਾ ਵਿਭਾਗ ਵੱਲੋਂ ਕਾਲਜ ਦੇ ਵਿਹੜੇ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਉੱਘੇ ਕਵੀ ਅਤੇ ਫ਼ੋਟੋਗਰਾਫ਼ਰ ਜਸਪ੍ਰੀਤ ਕੌਰ, ਕਵੀ ਖ਼ਾਦਿਮ ਅਤੇ ਖੋਜ ਅਫ਼ਸਰ ਸੰਦੀਪ ਸ਼ਰਮਾ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਗੁਰਪ੍ਰੀਤ ਸਿੰਘ ਨੇ ਨਿਭਾਈ। ਕਾਲਜ ਭਾਸ਼ਾ ਮੰਚ ਦੇ ਸਰਪ੍ਰਸਤ ਰਵਿੰਦਰ ਕੌਰ (ਬੀ.ਏ.ਭਾਗ ਤੀਜਾ), ਪ੍ਰਧਾਨ ਰਾਜਵਿੰਦਰ ਕੌਰ, ਮੀਤ ਪ੍ਰਧਾਨ (ਬੀ.ਏ.ਭਾਗ ਤੀਜਾ), ਇੰਦਰਜੀਤ ਸਿੰਘ (ਬੀ.ਐੱਸ.ਸੀ ਭਾਗ ਤੀਜਾ) ਜਨਰਲ ਸਕੱਤਰ ਅਤੇ ਪ੍ਰੈੱਸ ਸਕੱਤਰ ਰਣਜੋਧ ਸਿੰਘ ਵੀ ਹਾਜ਼ਰ ਸਨ। ਅੰਤਰਿਕ ਗੁਣਵੱਤਾ ਸੁਧਾਰ ਕੇਂਦਰ ਦੇ ਤਾਲਮੇਲ ਕਰਤਾ ਪ੍ਰੋ. ਸੁਰਿੰਦਰ ਮੋਹਨ ਦੀਪ, ਪ੍ਰੋਫੈਸਰ ਕੁਲਦੀਪ ਕੁਮਾਰ ਬੱਤਾ, ਪ੍ਰੋਫੈਸਰ ਕਮਲਜੀਤ ਸਿੰਘ ਸੋਹੀ, ਪਰਮਜੀਤ ਕੌਰ ਆਦਿ ਹਾਜ਼ਰ ਸਨ।