ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਪੀਏਯੂ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਵਾਤਾਵਰਨ ਦਿਵਸ ਦੇ ਪ੍ਰਸੰਗ ਵਿੱਚ ਕਵਿਤਾ ਪਾਠ ਕਰਵਾਇਆ ਗਿਆ, ਜਿਸ ਵਿੱਚ ਵਿਭਾਗ ਦੇ ਕਲਾਕਾਰਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਵਿਦਿਆਰਥੀ ਕਵਿਤਾ ਦੇ ਬਹਾਨੇ ਇੱਕ ਥਾਂ ਇਕੱਤਰ ਹੋ ਕੇ ਵਾਤਾਵਰਨ ਦੀ ਫਿਕਰਮੰਦੀ ਨਾਲ ਜੁੜੇ। ਇਸ ਸਮਾਗਮ ਦੇ ਮੁੱਖ ਮਹਿਮਾਨ ਨਿਰਦੇਸ਼ਕ ਲੋਕ ਸੰਪਰਕ ਡਾ. ਨਿਰਮਲ ਜੌੜਾ ਸਨ। ਡਾ. ਜੌੜਾ ਨੇ ਆਪਣੇ ਭਾਸ਼ਣ ਵਿੱਚ ਕਵਿਤਾ ਨੂੰ ਅਹਿਸਾਸਾਂ ਦੀ ਜ਼ੁਬਾਨ ਕਿਹਾ। ਉਨ੍ਹਾਂ ਕਿਹਾ ਕਿ ਹਰ ਮੁੱਦੇ ’ਤੇ ਚਿੰਤਾ ਦਾ ਪਹਿਲਾ ਰੂਪ ਕਵਿਤਾ ਵਿੱਚ ਹੀ ਪ੍ਰਗਟ ਹੁੰਦਾ ਹੈ ਅਤੇ ਫਿਰ ਇਹ ਸਮਾਜਿਕ ਸਰੋਕਾਰ ਬਣਦਾ ਹੈ। ਉਨ੍ਹਾਂ ਨੇ ਪ੍ਰਬੰਧਕਾਂ ਅਤੇ ਭਾਗ ਲੈਣ ਵਾਲਿਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ’ਤੇ ਵਧਾਈ ਦਿੱਤੀ। ਇਸ ਮੌਕੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਕਵਿਤਾਵਾਂ ਦਾ ਪਾਠ ਹੋਇਆ । ਕਵੀਆਂ ਵਿੱਚ ਖੁਸ਼ਕਰਨ, ਬਿਨੈਪ੍ਰਤਾਪ, ਸਾਹਿਲ, ਰਮਨੀਕ ਨੇ ਪੰਜਾਬੀ ਵਿੱਚ ਕਵਿਤਾਵਾਂ ਪੜ੍ਹੀਆਂ ਜਦਕਿ ਸਨਿਰੁੱਧ ਨੇ ਅੰਗਰੇਜ਼ੀ ਵਿੱਚ ਆਪਣੀ ਕਵਿਤਾ ਪੇਸ਼ ਕੀਤੀ । ਅਧਿਆਪਕਾਂ ਵਿੱਚੋਂ ਡਾ. ਮਨਮੀਤ ਕੌਰ ਅਤੇ ਡਾ. ਪੰਕਜ ਕੁਮਾਰ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਅੰਤ ਵਿੱਚ ਡਾ. ਕਮਲਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।