ਸਤਵਿੰਦਰ ਬਸਰਾ
ਲੁਧਿਆਣਾ, 11 ਜਨਵਰੀ
ਸ਼ਹਿਰ ਵਿੱਚ ਸਭ ਤੋਂ ਸਾਫ-ਸੁਥਰੀ ਜਗ੍ਹਾ ਮੰਨੇ ਜਾਂਦੇ ਪੀਏਯੂ ਕੈਂਪਸ ਵਿੱਚ ਵੀ ਅੱਜਕੱਲ੍ਹ ਗੰਦਗੀ ਦੇ ਵੱਡੇ-ਵੱਡੇ ਢੇਰ ਦਿਖਾਈ ਦੇਣ ਲੱਗੇ ਹਨ। ਇਹ ਗੰਦਗੀ ਦੇ ਢੇਰ ਮੌਸਮ ਦੀ ਖਰਾਬੀ ਜਾਂ ਪਿਛਲੇ ਦਿਨਾਂ ਦੌਰਾਨ ਮੁਲਾਜ਼ਮਾਂ ਦੀ ਰਹੀ ਹੜਤਾਲ ਕਾਰਨ ਵੀ ਮੰਨੇ ਜਾ ਰਹੇ ਹਨ। ਪੀਏਯੂ ਕੈਂਪਸ ਆਪਣੀ ਸੁੰਦਰਤਾ ਅਤੇ ਸਫਾਈ ਲਈ ਜ਼ਿਲ੍ਹੇ ਵਿੱਚ ਹੀ ਨਹੀਂ ਸਗੋਂ ਪੂਰੇ ਸੂਬੇ ਵਿੱਚ ਵੱਖਰੀ ਪਹਿਚਾਣ ਰੱਖਦਾ ਹੈ ਪਰ ਮੌਜੂਦਾ ਹਾਲਾਤ ਬਿਲਕੁਲ ਵੱਖਰੇ ਲੱਗ ਰਹੇ ਹਨ। ਪੂਰੇ ਯੂਨੀਵਰਸਿਟੀ ਕੈਂਪਸ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਦੇਖੇ ਜਾ ਸਕਦੇ ਹਨ। ਸਥਾਨਕ ਗੇਟ ਨੰਬਰ-3, ਲਾਇਬ੍ਰੇਰੀ ਨੇੜੇ ਕੁੜੀਆਂ ਦੇ ਹੋਸਟਲ, ਪੀਏਯੂ ਸਕੂਲ ਰੋਡ ਸਮੇਤ ਹੋਰ ਕਈ ਥਾਵਾਂ ’ਤੇ ਸਫਾਈ ਦਾ ਮੰਦਾ ਹਾਲ ਹੈ। ਕਈ ਪਾਰਕਾਂ ਵਿੱਚ ਜਿੱਥੇ ਕਦੇ ਦਰੱਖਤਾਂ ਅਤੇ ਹਰੀਆਂ ਝਾੜੀਆਂ ਦਿਖਾਈ ਦਿੰਦੀਆਂ ਸਨ, ਅੱਜ ਉੱਥੇ ਗੰਦਗੀ ਨਾਲ ਭਰੇ ਲਿਫਾਫੇ ਦਿਖਾਈ ਦੇ ਰਹੇ ਹਨ। ਪੀਏਯੂ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਸਤੀਸ਼ ਕੁਮਾਰ ਸੂਦ ਨੇ ਕਿਹਾ ਕਿ ਇੱਕ ਪਾਸੇ ਕਰੋਨਾ ਮਹਾਮਾਰੀ ਦੁਬਾਰਾ ਪੈਰ ਪਸਾਰ ਰਹੀ ਹੈ ਅਤੇ ਦੂਜੇ ਪਾਸੇ ਕੈਂਪਸ ਵਿੱਚ ਲਗਾਤਾਰ ਗੰਦਗੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ’ਵਰਸਿਟੀ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਸੂਤਰਾਂ ਤੋਂ ਤਾਂ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਚੌਥਾ ਦਰਜਾ ਮੁਲਾਜ਼ਮ ਪਿਛਲੇ ਦੋ ਮਹੀਨੇ ਤੋਂ ਆਪਣੀਆਂ ਤਨਖਾਹਾਂ ਵਧਾਉਣ ਅਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਸਨ ਪਰ ਉਨ੍ਹਾਂ ਨੂੰ ਨਾ ਤਾਂ ਪੱਕੇ ਕੀਤਾ ਅਤੇ ਨਾ ਹੀ ਉਨ੍ਹਾਂ ਦੀਆਂ ਤਨਖਾਹਾਂ ਵਧਾਈਆਂ, ਜਿਸ ਕਰਕੇ ਉਨ੍ਹਾਂ ਵਿੱਚ ਵੀ ’ਵਰਸਿਟੀ ਅਧਿਕਾਰੀਆਂ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਅਧਿਕਾਰੀਆਂ ਵੱਲੋਂ ਜਲਦ ਸਫ਼ਾਈ ਕਰਵਾਉਣ ਦਾ ਦਾਅਵਾ
ਕੈਂਪਸ ਵਿੱਚ ਗੰਦਗੀ ਸਬੰਧੀ ਅਸਟੇਟ ਅਫਸਰ ਡਾ. ਗੁਰਸਾਹਿਬ ਨਾਲ ਉਨ੍ਹਾਂ ਦੇ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਦੋ ਵਾਰ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ। ਤੀਜੀ ਵਾਰ ਫੋਨ ਕਰਨ ’ਤੇ ਡਾ. ਸਾਹਿਬ ਨੇ ਆਪਣਾ ਫੋਨ ਕਿਸੇ ਹੋਰ ਪ੍ਰੋਫੈਸਰ ਨੂੰ ਫੜਾ ਦਿੱਤਾ, ਜਿਨ੍ਹਾਂ ਦੱਸਿਆ ਕਿ ਅਸਟੇਟ ਅਫਸਰ ਮੀਟਿੰਗ ਵਿੱਚ ਹਨ। ਜਦੋਂ ਉਨ੍ਹਾਂ ਤੋਂ ਫੈਲੀ ਗੰਦਗੀ ਬਾਰੇ ਪੁੱਛਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਸਫ਼ਾਈ ਜਲਦੀ ਹੋ ਜਾਵੇਗੀ, ਇਸ ਸਬੰਧੀ ਹੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ’ਚ ਕੀ ਫ਼ੈਸਲਾ ਹੋਇਆ, ਇਹ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ।