ਪੱਤਰ ਪ੍ਰੇਰਕ
ਮਾਛੀਵਾੜਾ, 16 ਮਾਰਚ
ਇੱਥੇ ਰਾਹੋਂ-ਰੋਪੜ ਰੋਡ ਫਿਰਨੀ ’ਤੇ ਸੜਕ ਕਿਨਾਰੇ ਜੋ ਗੰਦੇ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾ ਰਹੀਆਂ ਸਨ ਉਸ ਵਿਚ ਘਟੀਆ ਸਮੱਗਰੀ ਦੀ ਵਰਤੋਂ ਦੇ ਦੋਸ਼ ਲਾਉਂਦਿਆਂ ਲੋਕਾਂ ਨੇ ਕੰਮ ਬੰਦ ਕਰਵਾ ਦਿੱਤਾ। ਇਸ ਸਬੰਧੀ ਵਾਰਡ ਨੰਬਰ-1 ਦੇ ਕੌਂਸਲਰ ਪਰਮਜੀਤ ਪੰਮਾ, ਸਤੀਸ਼ ਮਹਾਜਨ, ਅੰਮ੍ਰਿਤਪਾਲ ਸਿੰਘ, ਸਮਸ਼ੇਰ ਸਿੰਘ, ਬਲਵੀਰ ਸਿੰਘ ਗਿੱਲ, ਰਾਜ ਕੁਮਾਰ ਤੇ ਬੂਟਾ ਸਿੰਘ ਨੇ ਦੱਸਿਆ ਕਿ ਰੋਪੜ-ਰਾਹੋਂ ਰੋਡ ਫਿਰਨੀ ’ਤੇ ਸੜਕ ਕਿਨਾਰੇ ਗੰਦੇ ਪਾਣੀ ਦੀ ਨਿਕਾਸੀ ਲਈ ਖੁੱਲ੍ਹਾ ਨਾਲਾ ਬਣਿਆ ਹੋਇਆ ਸੀ, ਉਥੇ ਹੁਣ 22 ਲੱਖ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰ ਦੇ ਮਿਸਤਰੀ ਅਤੇ ਮਜ਼ਦੂਰਾਂ ਵਲੋਂ ਘਟੀਆ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਪਾਣੀ ਦੇ ਉੱਪਰ ਹੀ ਪਾਈਪਾਂ ਨੂੰ ਸੀਮਿੰਟ ਦਾ ਜੋੜ ਲਗਾਇਆ ਜਾ ਰਿਹਾ ਹੈ, ਜੋ ਕਿ ਕੁਝ ਸਮੇਂ ਬਾਅਦ ਹੀ ਖੁੱਲ੍ਹ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਟਾਂ ਦੀ ਚਿਣਾਈ ਵਿਚ ਵੀ ਕਾਫ਼ੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਅਤੇ ਜੇਕਰ ਇਸ ਤਰ੍ਹਾਂ ਦਾ ਹੀ ਘਟੀਆ ਵਿਕਾਸ ਕਾਰਜ ਹੋਇਆ ਤਾਂ ਇਹ ਗੰਦੇ ਪਾਣੀ ਦੀ ਨਿਕਾਸੀ ਲੋਕਾਂ ਲਈ ਮੁਸੀਬਤ ਬਣ ਜਾਵੇਗੀ। ਇਸ ਰੋਡ ’ਤੇ ਰਹਿੰਦੇ ਲੋਕਾਂ ਨੇ ਕਿਹਾ ਕਿ ਪਾਈਪਾਂ ਵੀ ਛੋਟੀਆਂ ਪਾਈਆਂ ਜਾ ਰਹੀਆਂ ਹਨ ਜਦਕਿ ਬਰਸਾਤਾਂ ਵਿਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਜਾਂਦਾ। ਲੋਕਾਂ ਨੇ ਕਿਹਾ ਕਿ ਜੇਕਰ ਠੇਕੇਦਾਰ ਨੇ ਘਟੀਆ ਕੰਮ ਕਰਨਾ ਹੈ ਤਾਂ ਉਹ ਬਿਲਕੁਲ ਨਹੀਂ ਹੋਣ ਦੇਣਗੇ।
ਮੇਰੇ ਧਿਆਨ ਵਿੱਚ ਨਹੀਂ ਹੈ ਮਾਮਲਾ: ਈਓ
ਇਸ ਸਬੰਧੀ ਕਾਰਜ ਸਾਧਕ ਅਫ਼ਸਰ ਨੇ ਕਿਹਾ ‘‘ਮੈਂ ਛੁੱਟੀ ’ਤੇ ਹਾਂ ਅਤੇ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ। ਜੇਕਰ ਘਟੀਆ ਮੈਟੀਰੀਅਲ ਦੀ ਵਰਤੋਂ ਜਾਂ ਠੇਕੇਦਾਰ ਵਲੋਂ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਤਾਂ ਉਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਸਵੇਰੇ ਹੀ ਨਗਰ ਕੌਂਸਲ ਦੇ ਜੂਨੀਅਰ ਇੰਜਨੀਅਰ ਨੂੰ ਮੌਕਾ ਦੇਖਣ ਲਈ ਭੇਜਾਂਗਾ।’’