ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਮਾਰਚ
ਕਈ ਸਾਲਾਂ ਤੋਂ ਖਰਾਬ ਪਈ ਰਾਹੋਂ ਰੋਡ ਬਣਵਾਉਣ ਲਈ ਵੱਖ-ਵੱਖ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ, ਕੁਝ ਕੰਮ ਬਾਕੀ ਹੈ ਤੇ ਉਸਨੂੰ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਦੇ ਉਲਟ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਖਰਾਬ ਪਈਆਂ ਸੜਕਾਂ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ। ਇਸਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਹਿੰਦੂ ਸਿੱਖ ਜਾਗ੍ਰਤੀ ਸੈਨਾ ਵੱਲੋਂ ਸਰਕਾਰ ਦੇ ਕੰਨ ਖੋਲ੍ਹਣ ਲਈ ਇੱਕ ਵੱਖਰਾ ਪ੍ਰਦਰਸ਼ਨ ਕੀਤਾ ਗਿਆ। ਰਾਹੋ ਰੋਡ ’ਤੇ ਸੜਕ ਬਣਵਾਉਣ ਲਈ ਹਵਨ ਯੱਗ ਕਰਵਾਇਆ ਗਿਆ। ਪੂਰੇ ਰੀਤੀ ਰਿਵਾਜ਼ਾਂ ਅਨੁਸਾਰ ਇਹ ਹਵਨ ਯੱਗ ਨੇਪਰੇ ਚਾੜ੍ਹਿਆ ਗਿਆ। ਇਸ ਦੌਰਾਨ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਯੋਗੇਸ਼ ਧੀਮਾਨ ਤੇ ਵਕੀਲ ਕਵਿਤਾ ਆਪਣੇ ਸਾਥੀਆਂ ਨਾਲ ਮੌਜੂਦ ਰਹੇ।
ਯੋਗੇਸ਼ ਧੀਮਾਨ ਤੇ ਵਕੀਲ ਕਵਿਤਾ ਨੇ ਦੱਸਿਆ ਕਿ ਪਿਛਲੇੇਂ ਕਈ ਸਾਲਾਂ ਤੋਂ ਰਾਹੋਂ ਰੋਡ ਖਰਾਬ ਪਈ ਹੈ। ਕਿਸੇ ਵੀ ਸਰਕਾਰ ਨੇ ਇਸਦੀ ਸਾਰ ਨਹੀਂ ਲਈ। ਅਕਾਲੀ ਸਰਕਾਰ ਦੇ ਵੇਲੇ ਤੋਂ ਹੀ ਰਾਹੋਂ ਰੋਡ ਦੀ ਉਸਾਰੀ ਨਹੀਂ ਕਰਵਾਈ ਗਈ, ਜਦੋਂ ਕਿ ਉਸ ਸਮੇਂ ਅਕਾਲੀ ਵਿਧਾਇਕ ਸਨ। ਹੁਣ ਕਾਂਗਰਸ ਦੀ ਸਰਕਾਰ ਹੈ ਤੇ ਉਹ ਵੀ ਇਸ ਸੜਕ ਨੂੰ ਅਣਗੌਲਿਆ ਕਰ ਰਹੇ ਹਨ। ਪਹਿਲਾਂ ਸੀਵਰੇਜ ਪਾਈਪ ਗਲਤ ਪਾ ਦਿੱਤਾ ਤੇ ਉਸ ਤੋਂ ਬਾਅਦ ਉਸਾਰੀ ਦਾ ਕੰਮ ਚਾਰ ਸਾਲ ਪੂਰੇ ਹੋ ਚੁੱਕੇ ਹਨ, ਹਾਲੇ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਹਿਲਾਂ ਜਗਰਾਉਂ ਪੁਲ ਦੀ ਉਸਾਰੀ ’ਚ ਕਈ ਸਾਲ ਲੱਗ ਗਏ। ਸ਼ੇਰਪੁਰ ਚੌਕ ਫਲਾਈਓਵਰ ਤੇ ਉਸ ਤੋਂ ਬਾਅਦ ਬਸਤੀ ਜੋਧੇਵਾਲ ਚੌਕ ਫਲਾਈਓਵਰ ਦਾ ਕੰਮ ਸਾਲਾਂ ਬਾਅਦ ਪੂਰਾ ਹੋਇਆ। ਹੁਣ ਰਾਹੋਂ ਰੋਡ ਨੂੰ ਇੰਨੇ ਸਾਲ ਹੋ ਚੁੱਕੇ ਹਨ ਪਰ ਫਿਰ ਵੀ ਸਰਕਾਰ ਇਸਨੂੰ ਪੂਰਾ ਨਹੀਂ ਕਰਵਾ ਰਹੀ। ਦੁਕਾਨਦਾਰਾਂ ਦਾ ਬੁਰਾ ਹਾਲ ਹੋ ਗਿਆ ਹੈ। ਮਿੱਟੀ ਨਾਲ ਸਾਰਾ ਸਾਮਾਨ ਖਰਾਬ ਹੋ ਰਿਹਾ ਹੈ। ਹਰ ਵੇਲੇ ਚੌਕ ’ਚ ਟਰੈਫਿਕ ਜਾਮ ਰਹਿੰਦਾ ਹੈ। ਇਲਾਕੇ ਦੇ ਲੋਕ ਰੋਜ਼ਾਨਾ ਰੌਲਾ ਪਾਉਂਦੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।