ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਮਹੀਨਾਵਾਰ ਮੀਟਿੰਗ ਮੰਚ ਦੇ ਪ੍ਰਧਾਨ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਉੱਘੇ ਉਰਦੂ ਵਿਦਵਾਨ ਅਤੇ ਗਜ਼ਲਗੋ ਗੋਪੀ ਚੰਗ ਨਾਰੰਗ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਹੋਈ। ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੈਂਬਰਸ਼ਿਪ ਲਈ ਉਭਰਦੇ ਕਵੀਆਂ ਤੇ ਗਜ਼ਲਕਾਰਾਂ ਦੇ ਫਾਰਮ ਭਰੇ ਗਏ। ਇਸ ਸਮੇਂ ਕਰਵਾਏ ਕਵੀ ਦਰਬਾਰ ਦਾ ਆਗਾਜ਼ ਹਿੰਦੀ ਦੀ ਲੇਖਿਕਾ ਸਾਰਾ ਸੈਫੀ ਦੀ ਕਵਿਤਾ ‘ਸੁੱਖਾ ਪੱਤਾ ਤੇਜ਼ ਹਵਾ ਸੇ ਉਡ ਕੇ ਮੇਰੇ ਦਰ ਪੇ ਆਇਆ’ ਦੇ ਨਾਲ ਹੋਇਆ।
ਇਸ ਮੌਕੇ ਇੰਜ. ਸੁਰਜਨ ਸਿੰਘ ਨੇ ਕਵਿਤਾ ‘ਸਮਾਂ’, ਮਲਕੀਤ ਪਾਲੜਾ ਨੇ ‘ਬੰਬੀ ਦਾ ਪਾਣੀ’, ਪੰਮੀ ਹਬੀਬ ਨੇ ‘ਮੈਂ ਵਿਚਾਰੀ ਸਮੇਂ ਦੀ ਮਾਰੀ’, ਡਾ. ਗੁਲਜ਼ਾਰ ਪੰਧੇਰ ਨੇ ‘ਕਵੀ’, ਜ਼ੋਰਾਵਰ ਸਿੰਘ ਪੰਛੀ ਨੇ ‘ਕਿਹੜੀ ਗਲ ਦਾ ਗੁਮਾਨ ਹੈ’, ਭਗਵਾਨ ਢਿੱਲੋਂ ਨੇ ‘ਕਿੱਸਾ ਇੰਦਰ ਮੱਲ ਅਤੇ ਬੇਗੋ ਨਾਰ ਦਾ’, ਬਲਵਿੰਦਰ ਗੈਲਕਸੀ ਨੇ ‘ਰਾਮ ਨਾਮ ਦੀ ਮਾਲਾ’, ਜਸਪ੍ਰੀਤ ਕੌਰ ਫਲਕ ਨੇ ‘ਪਿਤਾ ਦਿਵਸ ਅਤੇ ਵਕਤ ਦੀ ਚਰਖੀ’, ਜੈ ਕ੍ਰਿਸ਼ਨ ਸਿੰਘ ਨੇ ‘ਜ਼ਿਕਰੋ ਖੁਦਾ ਭੀ ਚਲਤਾ ਹੈ ਸਾਸੋਂ ਕੇ ਸਾਥ’ ਆਦਿ ਸਮੇਤ ਤਰਲੋਚਨ ਝਾਡੇ, ਬਲਕੌਰ ਸਿੰਘ ਅਤੇ ਰਵਿੰਦਰ ਦੀਵਾਨਾ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਉਪਰੰਤ ਜਸਪ੍ਰੀਤ ਕੌਰ ਫਲਕ ਦੀ ਨਵੀਂ ਪੁਸਤਕ ‘ਇਸ਼ਕ ਸਮੁੰਦਰ ਤੋ ਨਹੀਂ’ ਰਿਲੀਜ਼ ਕੀਤੀ। ਇਸ ਸਾਰੀ ਮੀਟਿੰਗ ਵਿੱਚ ਜਗੀਰ ਸਿੰਘ ਪ੍ਰੀਤ ਸੁਤਰਧਾਰ ਦੇ ਤੌਰ ’ਤੇ ਹਾਜ਼ਰ ਸਨ।