ਗਗਨਦੀਪ ਅਰੋੜਾ
ਲੁਧਿਆਣਾ, 10 ਅਗਸਤ
ਸ਼ਹਿਰ ਵਿੱਚ ਬਿਜਲੀ ਤੇ ਪਾਣੀ ਦੀ ਕਿਲਤ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ’ਚ ਸਥਿਤ ਈਡਬਲਯੂਐਸ ਕਲੋਨੀ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰਾਂ ’ਚ ਪਾਣੀ ਨਹੀਂ ਆ ਰਿਹਾ ਹੈ। ਗਰਮੀ ਦੇ ਮੌਸਮ ਵਿਚ ਹਾਲਾਤ ਇਹ ਹਨ ਕਿ ਬਿਜਲੀ ਦੇ ਵੀ ਵੱਡੇ ਕੱਟ ਲੱਗ ਰਹੇ ਹਨ। ਲੋਕ ਬੋਤਲਾਂ ਖ਼ਰੀਦ ਕੇ ਪੀਣ ਲਈ ਮਜਬੂਰ ਹਨ। ਇਸ ਤੋਂ ਬਾਅਦ ਪ੍ਰੇਸ਼ਾਨ ਲੋਕਾਂ ਨੇ ਸੜਕਾਂ ’ਤੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ।
ਇਲਾਕਾ ਵਾਸੀ ਸੁਨੀਤਾ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਪੀਣ ਨੂੰ ਪਾਣੀ ਨਹੀਂ ਮਿਲ ਰਿਹਾ, ਬਿਜਲੀ ਦੀ ਵੀ ਕਿੱਲਤ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਖ਼ਿਲਾਫ਼ ਪਾਵਰਕੌਮ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਗਈ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਨੇ ਕਿਹਾ ਕਿ ਪਾਵਰਕੌਮ ਦਾ ਇੱਕ ਜੇਈ ਇਲਾਕੇ ’ਚੋਂ ਬਿਜਲੀ ਦੀ ਤਾਰ ਕੱਟ ਕੇ ਨਾਲ ਲੈ ਜਾਂਦਾ ਹੈ। ਲੋਕਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਇਲਾਕਾ ਵਾਸੀ ਅਜੈ ਨੇ ਦੱਸਿਆ ਕਿ ਕਈ ਵਾਰ ਕੌਂਸਲਰ ਤੇ ਵਿਧਾਇਕ ਦਲਜੀਤ ਸਿੰਘ ਭੋਲਾ ਨੂੰ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਲੋਕ ਦੂਜੇ ਮੁਹੱਲੇ ’ਚੋਂ ਪਾਣੀ ਲਿਆ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪੂਰੀ ਰਾਤ ਬਿਜਲੀ ਬੰਦ ਰਹੀ। ਨਿਗਮ ਪ੍ਰਸਾਸ਼ਨ ਵੀ ਲੋਕਾਂ ਵੱਲ ਧਿਆਨ ਨਹੀਂ ਦੇ ਰਿਹਾ। ਪੀੜਤ ਲੋਕਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਇਸ ਮਗਰੋਂ ਵੱਡੇ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ। ਲੋਕਾਂ ਨੇ ਤਕਰੀਬਨ ਡੇਢ ਘੰਟੇ ਤੱਕ ਸੜਕ ’ਤੇ ਆਵਾਜਾਈ ਜਾਮ ਕਰ ਦਿੱਤੀ। ਇਸ ਕਾਰਨ ਰਾਹਗੀਰਾਂ ਨੂੰ ਬਦਲਵੇਂ ਰਾਹਾਂ ’ਤੇ ਭੇਜ ਦਿੱਤਾ ਗਿਆ।