ਰਾਏਕੋਟ: ਸ਼ਹਿਰ ਵਿੱਚ ਲਾਵਾਰਸ ਪਸ਼ੂਆਂ ਦੀ ਦਹਿਸ਼ਤ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਹ ਸਭ ਕੁੱਝ ਹੋਣ ਦੇ ਬਾਵਜੂਦ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਬੀਤੇ ਦਿਨੀਂ ਸਥਾਨਕ ਬੱਸ ਸਟੈਂਡ ਨੇੜੇ ਆਪਸ ਵਿੱਚ ਭਿੜ ਰਹੇ ਦੋ ਲਾਵਾਰਸ ਢੱਠਿਆਂ ਦੀ ਚਪੇਟ ਵਿੱਚ ਆਉਣ ਕਾਰਨ ਦੁਕਾਨਦਾਰ ਮੋਹਨ ਲਾਲ ਟੱਕਰ ਦੀ ਮੌਤ ਹੋ ਗਈ ਸੀ। ਬਹੁਜਨ ਸਮਾਜ ਪਾਰਟੀ ਦੇ ਆਗੂ ਸੁਰਿੰਦਰ ਸਿੰਘ ਪੱਪੀ ਸਪਰਾ ਦੀ ਅਗਵਾਈ ’ਚ ਤਲਵੰਡੀ ਗੇਟ ਨੇੜੇ ਢੱਠਿਆਂ ’ਤੇ ਕਾਬੂ ਪਾਉਣ ਦੀ ਮੰਗ ਨੂੰ ਲੈ ਕੇ ਧਰਨਾ ਵੀ ਦਿੱਤਾ ਸੀ। ਬੀਤੇ ਦਿਨ ਭੀੜ-ਭਾੜ ਵਾਲੇ ਇਲਾਕੇ, ਸਥਾਨਕ ਤਲਵੰਡੀ ਗੇਟ ਅੱਗੇ ਦੋ ਢੱਠੇ ਆਪਸ ਵਿੱਚ ਭਿੜ ਗਏ ਤੇ ਢੱਠੇ ਆਪਸ ਵਿੱਚ ਭਿੜਦੇ ਹੋਏ ਲੰਬਾ ਸਮਾਂ ਬਾਜ਼ਾਰ ’ਚ ਖੌਰੂ ਪਾਉਂਦੇ ਰਹੇ। ਇਕ ਬਜੁਰਗ ਇਸ ਭੇੜ ਵਿੱਚ ਆ ਗਿਆ ਤੇ ਉਹ ਮਸਾਂ ਬਚਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਛੇਤੀ ਤੋਂ ਛੇਤੀ ਲਾਵਾਰਸ ਪਸ਼ੂਆਂ ’ਤੇ ਕਾਬੂ ਪਾਏ। -ਪੱਤਰ ਪ੍ਰੇਰਕ