ਗੁਰਿੰਦਰ ਸਿੰਘ
ਲੁਧਿਆਣਾ, 8 ਮਾਰਚ
ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਮਾਰਨ ਅਤੇ ਸ਼ਹਿਰ ਵਾਸੀਆਂ ਨੂੰ ਕਿਸਾਨਾਂ ਦਾ ਵੱਧ ਤੋ ਵੱਧ ਸਮਰਥਨ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਰੋਸ ਧਰਨਾ ਦੇ ਕੇ ਰੈਲੀ ਕੀਤੀ ਗਈ।
ਫਿਰੋਜ਼ਪੁਰ ਰੋਡ ਸਥਿਤ ਗੁਲਮੋਹਰ ਹੋਟਲ ਦੇ ਸਾਹਮਣੇ ਦਿੱਤੇ ਧਰਨੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ, ਵਾਲੰਟੀਅਰਾਂ, ਇਸਤਰੀ ਵਿੰਗ ਦੀਆਂ ਬੀਬੀਆਂ ਅਤੇ ਨੌਜਵਾਨਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅਣਮਿੱਥੇ ਸਮੇਂ ਲਈ ਗੁਲਮੋਹਰ ਹੋਟਲ ਦੇ ਸਾਹਮਣੇ ਮੋਰਚਾ ਲਗਾਉਣ ਦਾ ਐਲਾਨ ਕੀਤਾ। ਜਥੇਦਾਰ ਨਿਮਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ, ਉਥੇ ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਸ਼ਹਿਰ ਦੇ ਗਰੀਬ ਵਰਗ ਵੀ ਇਸ ਦੀ ਲਪੇਟ ਵਿੱਚ ਆਉਣਗੇ। ਇਸ ਲਈ ਸ਼ਹਿਰੀ ਲੋਕਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਵੀ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਡੱਟਣ ਅਤੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ।
ਇਸ ਮੌਕੇ ਪੰਥਕ ਵਿਦਵਾਨ ਭਾਈ ਹਰਪ੍ਰੀਤ ਸਿੰਘ ਮੱਖੂ, ਆਤਮ ਨਿਰਭਰ ਪੰਜਾਬ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ, ਪੰਜਾਬੀ ਗਾਇਕ ਰਵਿੰਦਰ ਗਰੇਵਾਲ, ਬਾਬਾ ਬੇਲੀ, ਬਾਪੂ ਬਖਤੌਰ ਸਿੰਘ, ਹਰਬਖਸ਼ ਸਿੰਘ ਗਰੇਵਾਲ, ਗੁਰਚਰਨ ਸਿੰਘ ਚਾਹਲ ਅਤੇ ਦੀਪ ਈਸੇਵਾਲ ਨੇ ਕਿਹਾ ਕਿ ਸ਼ਾਂਤਮਈ ਰੋਸ ਧਰਨੇ ਦਾ ਅਸਲ ਉਦੇਸ਼ ਪਿੰਡਾਂ ਦੇ ਨਾਲ-ਨਾਲ ਪੰਜਾਬ ਦੀ ਸ਼ਹਿਰੀ ਜਨਤਾ ਨੂੰ ਸੁਚੇਤ ਕਰਨਾ ਹੈ ਤਾਂ ਕਿ ਜੇ ਕਿਸਾਨੀ ਸੰਕਟ ਵਿੱਚ ਹੋਵੇਗੀ ਤਾਂ ਪੰਜਾਬ ਵਿਚਲਾ ਸ਼ਹਿਰੀ ਵਰਗ ਵੀ ਸੁਖੀ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਇਹ ਲੜਾਈ ਬਹੁਤ ਲੰਮੀ ਤੇ ਸੰਘਰਸ਼ ਵਾਲੀ ਹੈ, ਜਿਸ ਲਈ ਸਮੂਹ ਪੰਜਾਬੀਆਂ ਖਾਸ ਕਰ ਕੇ ਵੱਖ ਵੱਖ ਜਥੇਬੰਦੀਆਂ ਨੂੰ ਇੱਕਜੁੱਟ ਹੋਣਾ ਪਵੇਗਾ। ਇਸ ਤੋਂ ਪਹਿਲਾਂ ਬੀਬਾ ਆਨੰਤਜੋਤ ਕੌਰ, ਬੀਬੀ ਸਵਿੰਦਰਜੀਤ ਕੌਰ ਤਲੂਜਾ ਅਤੇ ਸੁਖਵਿੰਦਰ ਕੌਰ ਸੁੱਖੀ ਨੇ ਵੀ ਸੰਬੋਧਨ ਕੀਤਾ।