ਸਤਵਿੰਦਰ ਬਸਰਾ
ਲੁਧਿਆਣਾ, 17 ਫਰਵਰੀ
ਆਨਲਾਈਨ ਪ੍ਰੀਖਿਆ ਲੈਣ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਪੀਏਯੂ ਦੇ ਵਿਦਿਆਰਥੀਆਂ ਨੇ ਅੱਜ ਵੋਟਾਂ ਦਾ ਬਾਈਕਾਟ ਕਰਨ ਦਾ ਫੈਸਲਾ ਕਰ ਲਿਆ। ਵਿਦਿਆਰਥੀਆਂ ਨੇ ਪੀਏਯੂ ਅਧਿਕਾਰੀਆਂ ਨਾਲ ਹੋਈ ਮੀਟਿੰਗ ਨੂੰ ਬੇਸਿੱਟਾ ਦੱਸਦਿਆਂ ਉਪ ਕੁਲਪਤੀ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ। ਪੀਏਯੂ ਦੇ ਵਿਦਿਆਰਥੀਆਂ ਦਾ ਰੋਸ ਧਰਨਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ’ਵਰਸਿਟੀ ਵਿੱਚ ਵੱਖ ਵੱਖ ਕੋਰਸਾਂ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੇ ਅੱਜ ਵੀ ਪੀਏਯੂ ਕੈਂਪਸ ਦੀਆਂ ਸੜਕਾਂ ’ਤੇ ਰੋਸ ਰੈਲੀ ਕੀਤੀ। ਰੋਸ ਰੈਲੀ ਤੋਂ ਬਾਅਦ ਥਾਪਰ ਹਾਲ ਦੇ ਮੁੱਖ ਗੇਟ ’ਤੇ ਅਣ-ਮਿੱਥੇ ਸਮੇਂ ਲਈ ਰੋਸ ਧਰਨਾ ਦਿੱਤਾ ਗਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪੀਏਯੂ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇ-ਸਿੱਟਾ ਰਹੀ ਹੈ। ਰੋਸ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਿੰਨ ਸਮੈਸਟਰਾਂ ਦੀ ਪੜ੍ਹਾਈ ਅਤੇ ਪ੍ਰੀਖਿਆ ਆਨਲਾਈਨ ਹੋਈ ਹੈ। ਇਸੇ ਤਰ੍ਹਾਂ ਚੌਥੇ ਸਮੈਸਟਰ ਦੀ ਪੜ੍ਹਾਈ ਵੀ ਆਨਲਾਈਨ ਹੋਈ ਪਰ ਹੁਣ ਪ੍ਰੀਖਿਆ ਆਫਲਾਈਨ ਦੇਣ ਲਈ ਕਿਹਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਆਨਲਾਈਨ ਪ੍ਰੀਖਿਆ ਲੈਣ ਦੀ ਮੰਗ ਨਾ ਮੰਨੀ ਗਈ ਤਾਂ ਉਹ ਚੋਣਾਂ ਵਾਲੇ ਦਿਨ ਵੋਟਾਂ ਦਾ ਬਾਈਕਾਟ ਕਰਕੇ ਧਰਨਾ ਜਾਰੀ ਰੱਖਣਗੇ। ਦੂਜੇ ਪਾਸੇ ’ਵਰਸਿਟੀ ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ।