ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਝੋਨੇ ਦੀ ਪੀ ਆਰ 126 ਕਿਸਮ ਦੇ ਬੀਜ ਦਾ ਪ੍ਰਬੰਧ ਹੁਣੇ ਕਰ ਲੈਣ। ਇਸ ਸਬੰਧੀ ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਸਾਉਣੀ 2022 ਦੌਰਾਨ ਪੀ ਆਰ 126 ਕਿਸਮ ਦੇ ਬੀਜ ਦੀ ਭਾਰੀ ਮੰਗ ਰਹੀ। ਇਸ ਦਾ ਮੁੱਖ ਕਾਰਨ ਇਸ ਕਿਸਮ ਦੀ ਵੱਖ-ਵੱਖ ਖੇਤਰਾਂ ਵਿੱਚ ਝਾੜ ਵਿੱਚ ਸਥਿਰਤਾ ਹੈ। ਇਸ ਕਿਸਮ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ, ਪਰ ਇਹ 38.0 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਡਾ ਮਾਂਗਟ ਅਨੁਸਾਰ ਇਹ ਕਿਸਮ ਢਹਿੰਦੀ ਵੀ ਨਹੀਂ ਅਤੇ ਪਨੀਰੀ ਸਣੇ 123 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈੈ। ਸਾਲ 2022 ਦੌਰਾਨ ਇਸ ਕਿਸਮ ਦੀ ਕਾਸ਼ਤ 5.0 ਲੱਖ ਹੈਕਟੇਅਰ ਤੋਂ ਵੀ ਵੱਧ ਰਕਬੇ ’ਚ ਕੀਤੀ ਗਈ। ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਖੇਤ ਖਾਲੀ ਕਰ ਦਿੰਦੀਆਂ ਹਨ। ਇਸ ਸਬੰਧੀ ਡਾ. ਮਾਂਗਟ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਇਸ ਸਾਲ ਪੀ ਆਰ 126 ਕਿਸਮ ਸਭ ਤੋਂ ਵੱਧ ਸਫ਼ਲ ਸਿੱਧ ਹੋ ਰਹੀ ਹੈ। ਪੀਏਯੂ ਤੇ ਸਰਕਾਰ ਦੇ ਵੱਖ-ਵੱਖ ਅਦਾਰੇ ਪੀ ਆਰ 126 ਕਿਸਮ ਦਾ ਬੀਜ ਪੈਦਾ ਕਰਨ ਲਈ ਹਰ ਸੰਭਵ ਕੋਸ਼ਿਸ ਕਰ ਰਹੇ ਹਨ ਪਰ ਕਿਸਾਨ ਆਪਣੇ ਪੱਧਰ ’ਤੇ ਵੀ ਪ੍ਰਬੰਧ ਕਰ ਲੈਣ।