ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਜੂਨ
ਪਿਛਲੇ ਲਗਪਗ ਪੰਜ ਵਰ੍ਹਿਆਂ ਤੋਂ ਲੁਧਿਆਣਾ-ਤਲਵੰਡੀ ਭਾਈ ਮਾਰਗ ਦਾ ਨਿਰਮਾਣ ਕਰਨ ਵਾਲੇ ਠੇਕੇਦਾਰਾਂ ਵੱਲੋਂ ਪੁਲਾਂ ਦੇ ਨਾਲ ਬਣਾਈਆਂ ਸਰਵਿਸ ਸੜਕਾਂ ’ਤੇ ਪਾਣੀ ਦੀ ਨਿਕਾਸੀ ਦਾ ਕੋਈ ਉਚਿਤ ਪ੍ਰਬੰਧ ਨਾ ਕਰਨ ’ਤੇ ਰਾਹਗੀਰ ਪ੍ਰੇਸ਼ਾਨ ਹਨ। ਹੋਰ ਤਾਂ ਹੋਰ ਇੱਥੋਂ ਦੇ ਕੋਰਟ ਕੰਪਲੈਕਸ, ਤਹਿਸੀਲ ਕੰਪਲੈਕਸ,ਵਧੀਕ ਕਮਿਸ਼ਨਰ ਅਤੇ ਉਪ-ਮੰਡਲ ਮੈਜਿਸਟੇਰਟ ਦਫਤਰ ਨੂੰ ਜਾਣ ਵਾਲੇ ਰਸਤੇ ਵੀ ਪਾਣੀ ਖੜ੍ਹਨ ਨਾਲ ਬੰਦ ਹੋ ਜਾਂਦੇ ਹਨ । ਜਦੋਂ ਵੀ ਇੱਕ ਦਿਨ ਮੀਂਹ ਪੈ ਜਾਂਦਾ ਹੈ ਤਾਂ ਇਨ੍ਹਾਂ ਦਫ਼ਤਰਾਂ ਨੂੰ ਜਾਣ ਵਾਲੀ ਸੜਕ ਕੋਰਟ ਕੰਪਲੈਕਸ ਵਾਲੇ ਰਸਤੇ ਤੋਂ ਲੈ ਕੇ ਉਪ-ਮੰਡਲ ਮੈਜਿਸਟਰੇਟ ਦੇ ਦਫਤਰ ਤੱਕ ਪਾਣੀ ਭਰ ਜਾਂਦਾ ਹੈ। ਮੀਂਹ ਬੰਦ ਹੋ ਜਾਣ ਤੋਂ ਬਾਅਦ ਵੀ ਦੋ-ਦੋ ਹਫਤੇ ਪਾਣੀ ਖੜ੍ਹਾ ਰਹਿੰਦਾ ਹੈ । ਸੜਕ ਉਪਰੋਂ ਤੇਜ਼ ਰਫ਼ਤਾਰ ਨਾਲ ਵਾਹਨ ਗੁਜ਼ਰਨ ਕਾਰਨ ਕੰਮਾਂ-ਕਾਰਾਂ ਲਈ ਦਫਤਰਾਂ ਲਈ ਪੈਦਲ ਅਤੇ ਦੋਪਹੀਆ ਵਾਹਨਾਂ ’ਤੇ ਜਾਣ ਵਾਲੇ ਰਾਹਗੀਰ ’ਤੇ ਗੰਦੇ ਪਾਣੀ ਦੇ ਛਿੱਟੇ ਪੈ ਜਾਂਦੇ ਹਨ। ਜ਼ਿਕਰਯੋਗ ਹੈ ਕਿ ਜਿੱਥੇ ਪਾਣੀ ਖੜ੍ਹਦਾ ਹੈ ਉੱਥੋਂ ਮਹਿਜ਼ 100 ਗਜ਼ ਦੀ ਦੂਰੀ ’ਤੇ ਉਪ-ਮੰਡਲ ਮੈਜਿਸਟਰੇਟ ਦੀ ਰਿਹਾਇਸ਼ ਹੈ। ਫਿਰ ਵੀ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਰਿਹਾ।
ਏਡੀਸੀ ਵੱਲੋਂ ਮਸਲਾ ਜਲਦੀ ਹੱਲ ਹੋਣ ਦਾ ਭਰੋਸਾ
ਇਸ ਸਬੰਧੀ ਵਧੀਕ ਕਮਿਸ਼ਨਰ ਦਲਜੀਤ ਕੌਰ ਨੇ ਕਿਹਾ ਕਿ ਇਸ ਮਸਲੇ ਬਾਰੇ ਉਨ੍ਹਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ,ਬਾਰਸ਼ਾਂ ਦੇ ਦਿਨ ਹੋਣ ਕਾਰਨ ਅਤੇ ਗੰਦੇ ਪਾਣੀ ਦੇ ਲੰਬਾ ਸਮਾਂ ਖੜ੍ਹਨ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਹੈ। ਉਨ੍ਹਾਂ ਨੇ ਇਸ ਦੇ ਜਲਦੀ ਹੱਲ ਲਈ ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਦੀ ਜ਼ਿੰਮੇਵਾਰੀ ਵੀ ਲਗਾਈ ਹੋਈ ਹੈ । ਉਨ੍ਹਾਂ ਇਸ ਦੇ ਜਲਦੀ ਹੱਲ ਭਰੋਸਾ ਦਿੱਤਾ ।