ਦੇਵਿੰਦਰ ਸਿੰਘ ਜੱਗੀ
ਪਾਇਲ, 10 ਮਈ
ਪਿੰਡ ਕੋਟਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਕਰੀਬ 23 ਏਕੜ ਪੰਚਾਇਤੀ ਜ਼ਮੀਨ ਦੀ ਲਗਭਗ 70 ਸਾਲ ਬਾਅਦ ਪਹਿਲੀ ਵਾਰ ਸਰਕਾਰੀ ਬੋਲੀ ਕਰਵਾਈ ਗਈ।
ਪਿੰਡ ਕੋਟਲੀ ਦੇ ਗੁਰਦੁਆਰਾ ਸਾਹਿਬ ਵਿਖੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਮਿਹਨਤ ਸਦਕਾ ਡੀਡੀਪੀਓ ਲੁਧਿਆਣਾ ਦੇ ਹੁਕਮਾਂ ’ਤੇ ਬੀਡੀਪੀਓ ਗੁਰਮੁੱਖ ਸਿੰਘ ਦੋਰਾਹਾ, ਪਟਵਾਰੀ ਜਰਨੈਲ ਸਿੰਘ, ਸੈਕਟਰੀ ਅਰਸ਼ਦੀਪ ਸਿੰਘ ਸਮੇਤ ਵੱਖ-ਵੱਖ ਉੱਚ ਅਧਿਕਾਰੀਆਂ ਵੱਲੋਂ ਪਿੰਡ ਦੀ ਸਰਪੰਚ ਪਲਵਿੰਦਰ ਕੌਰ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਜਮੀਨ ਦੀ ਬੋਲੀ ਕਰਵਾਈ ਗਈ। ਇਸ ਸਮੇਂ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜ਼ਮੀਨ ਕਰੀਬ 23 ਏਕੜ ਬਣਦੀ ਹੈ, ਜਿਸ ਦੇ 8 ਪਲਾਟ ਬਣਾਏ ਗਏ। ਅੱਠ ਕਿਸਾਨਾਂ ਨੇ ਬੋਲੀ ਦੇ ਕੇ ਜ਼ਮੀਨ ਠੇਕੇ ’ਤੇ ਲਈ ਜਦਕਿ ਐੱਸਸੀ ਵਰਗ ਦਾ ਤੀਜਾ ਹਿੱਸਾ ਵੀ ਬਰਾਬਰ ਰੱਖਿਆ ਗਿਆ, ਜੋ ਐੱਸਸੀ ਭਾਈਚਾਰੇ ਨੇ ਬੋਲੀ ਦੇ ਕੇ ਜ਼ਮੀਨ ਠੇਕੇ ’ਤੇ ਲਈ ਗਈ ਹੈ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਬੋਲੀ ਮਗਰੋਂ ਠੇਕੇ ’ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਕੋਲ ਖੜ ਕੇ ਜ਼ਮੀਨ ਵਹਾਈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਹਮੇਸ਼ਾ ਵਚਨਬੱਧ ਹੈ।
‘ਜ਼ਮੀਨ ਪਹਿਲਾਂ ਹੀ ਪੰਚਾਇਤ ਦੇ ਕਬਜ਼ੇ ਹੇਠ’
ਦੂਜੇ ਪਾਸੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪਿੰਡ ਕੋਟਲੀ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ 23 ਏਕੜ ਜ਼ਮੀਨ ਦੀ ਬੋਲੀ ਕਰਵਾਉਣ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ 2019 ਤੋਂ ਪੰਚਾਇਤ ਦੇ ਕਬਜ਼ੇ ਹੇਠ ਹੈ। ਇਸ ਤੋਂ ਪਹਿਲਾਂ ਇਸ ਜ਼ਮੀਨ ’ਤੇ ਸਮੇਂ-ਸਮੇਂ ’ਤੇ ਬਿਸ਼ਨਪੁਰਾ ਦੇ ਕੁਝ ਪਰਿਵਾਰਾਂ ਨੇ ਵੀ ਕਬਜ਼ਾ ਕੀਤਾ ਸੀ ਜੋ ਬਾਅਦ ਵਿੱਚ ਭਾਰਤੀ ਸੈਨਾ ਨੂੰ ਸੌਂਪ ਗਏ ਸਨ। ਬਾਅਦ ਵਿੱਚ ਕੋਟਲੀ ਦੀ ਪੰਚਾਇਤ ਨੇ ਲੰਮੀਂ ਕਾਨੂੰਨੀ ਲੜਾਈ ਲੜੀ ਸੀ 13 ਮਈ 2019 ਦੇ ਫੈਸਲੇ ਮੁਤਾਬਕ ਤਹਿਸੀਲਦਾਰ ਪਾਇਲ ਨੇ ਬਕਾਇਦਾ ਇਸ ਜ਼ਮੀਨ ਦਾ ਕਬਜ਼ਾ ਪੰਚਾਇਤ ਨੂੰ ਦਿਵਾਇਆ ਸੀ ਤੇ ਦਖਲ ਵਾਰੰਟ ਤੋ ਬਾਅਦ 2019 ਤੋ ਬਕਾਇਦਾ ਗ੍ਰਾਮ ਪੰਚਾਇਤ ਇਸ ਜਮੀਨ ਦੀ ਨਿਗਰਾਨ ਸੀ। ਉਹਨਾਂ ਆਖਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਬਾਕੀ ਪਿੰਡਾਂ ਮੁਤਾਬਕ ਹੋਈ ਹੈ ਤੇ ਇਸ ਜ਼ਮੀਨ ਤੇ ਕਿਸੇ ਵਿਅਕਤੀ ਦਾ ਕਬਜ਼ਾ ਨਹੀਂ ਸੀ।