ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੰਡੀਅਨ ਸਵੱਛਤਾ ਲੀਗ ਤਹਿਤ ਨਗਰ ਨਿਗਮ ਲੁਧਿਆਣਾ ਵੱਲੋਂ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਤੇ ਵੱਡਿਆਂ ਨੇ ਸਾਈਕਲ ਚਲਾ ਕੇ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸੁਨੇਹਾ ਦਿੱਤਾ। ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਵੱਖ ਵੱਖ ਸਕੂਲਾਂ ਕਾਲਜਾ ਵੱਡੇ ਉਦਯੋਗਿਕ ਅਦਾਰਿਆਂ ਅਤੇ ਸਰਕਾਰੀ ਵਿਭਾਗਾਂ ਨਾਲ ਮਿਲ ਕੇ ਪਬਲਿਕ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਈ ਗਈ, ਉਨ੍ਹਾਂ ਵਿੱਚੋਂ 500 ਦੇ ਕਰੀਬ ਬੱਚਿਆਂ ਨੇ ਅੱਜ ਰੋਜ਼ ਗਾਰਡਨ ਵਿਖੇ ਲੁਧਿਆਣਾ ਦੀ ਟੀਮ ‘ਲੁਧਿਆਣਾ ਲਾਇਨਜ਼’ ਵੱਲੋਂ ਡਰਾਇੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 500 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਭਾਗ ’ਚ ਪਹਿਲੀ ਤੋਂ ਪੰਜਵੀਂ ਕਲਾਸ ਤੱਕ, ਦੂਜਾ ਭਾਗ ਛੇਵੀਂ ਤੋਂ ਦਸਵੀਂ ਕਲਾਸ ਤਕ ਅਤੇ ਤੀਜੇ ’ਚ ਗਿਆਰਵੀਂ ਤੇ ਬਾਰ੍ਹਵੀਂ ਕਲਾਸ ਦੇ ਬੱਚੇ ਸ਼ਾਮਲ ਸਨ। ਇਸ ਤੋਂ ਇਲਾਵਾ ਉੱਥੇ ਵੱਖ ਵੱਖ ਐੱਨਜੀਓਜ਼ ਵੱਲੋਂ ਪੁਰਾਣੇ ਸਾਮਾਨ ਨੂੰ ਦੁਬਾਰਾ ਵਰਤੋਂ ਵਰਤਣ ਦੀ ਜਾਣਕਾਰੀ ਦੇਣ ਬਾਰੇ ਸਟਾਲ ਲਗਾਏ ਗਏ। ਪੁਰਾਣੇ ਕੱਪੜਿਆਂ ਤੋਂ ਝੋਲੇ ਬਣਾਉਣਾ ਪੁਰਾਣੇ ਰੱਦੀ ਦੇ ਅਖਬਾਰ ਡਰਾਇੰਗ ਸ਼ੀਟ ਤੋਂ ਲਿਫ਼ਾਫ਼ੇ ਬਣਾਉਣਾ ਆਦਿ ਮਗਰੋਂ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਤੋਂ ਇਲਾਵਾ ਇਸ ਵਿੱਚ ਸਰਦਾਰ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਇਕ ਨਾਟਕ ਖੇਡਿਆ ਗਿਆ, ਜਿਸ ਵਿੱਚ ਪਾਣੀ ਅਤੇ ਧਰਤੀ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ। ਏਕ ਨੂਰ ਫਾਉਂਡੇਸ਼ਨ ਡਬਲ ਦੇ ਸਕੂਲ ਵੱਲੋਂ ਡਿਸਏਬਲ ਬੱਚਿਆਂ ਨੇ ਗੀਤ ਪੇਸ਼ ਕੀਤਾ ਗਿਆ ਜਦਕਿ ਗੁੱਜਰਾਂਵਾਲਾ ਗਰਲਜ਼ ਖਾਲਸਾ ਕਾਲਜ ਮਾਡਲ ਟਾਊਨ ਦੀਆਂ ਕੁੜੀਆਂ ਵੱਲੋਂ ਗ੍ਰੈਫਿਟੀ ਕੀਤੀ ਗਈ। ਦੇਵਕੀ ਦੇਵੀ ਜੈਨ ਕਾਲਜ ਦੀਆਂ ਵਿਦਿਆਰਥਣਾਂ ਨੇ ਪੁਰਾਣੇ ਸਾਮਾਨ ਵਰਤੋਂ ਬਾਰੇ ਪੇਸ਼ਕਾਰੀ ਕੀਤੀ। ਅਸ਼ਕੇ ਅਕੈਡਮੀ ਵੱਲੋਂ ਭੰਗੜੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਨਗਰ ਨਿਗਮ ਵੱਲੋਂ ਜੇਤੂ ਬੱਚਿਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਐਮ ਐਲ ਏ ਪੱਛਮੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ ਰਜਿੰਦਰ ਕੌਰ ਚੀਨਾ, ਕਮਿਸ਼ਨਰ ਨਗਰ ਨਿਗਮ ਸ਼ੇਨਾ ਅਗਰਵਾਲ, ਵਧੀਕ ਕਮਿਸ਼ਨਰ ਆਦਿੱਤਿਆ ਡੇਚਲਵਾਲ, ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਮੌਜੂਦ ਸਨ। ਇਸ ਦੌਰਾਨ ਜੁਆਇੰਟ ਕਮਿਸ਼ਨਰ ਪੂਨਮ ਪ੍ਰੀਤ ਕੌਰ ਨੇ ਆਏ ਹੋਏ ਸਾਰੇ ਸੱਜਣਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਕਰਵਾਉਣ ਵਿੱਚ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਸਿਟੀ ਨੀਡਜ਼ ਐੱਨਜੀਓ ਦੇ ਪ੍ਰਧਾਨ ਮੁਨੀਤ ਦੀਵਾਨ ਦਾ ਅਹਿਮ ਯੋਗਦਾਨ ਰਿਹਾ।