ਦੇਵਿੰਦਰ ਸਿੰਘ ਜੱਗੀ
ਪਾਇਲ, 12 ਮਈ
ਨੇੜਲੇ ਪਿੰਡ ਜੱਲਾ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਕੋਰਮ ਨਾ ਪੂਰਾ ਹੋਣ ਕਰਕੇ ਰਿਟਰਨਿੰਗ ਅਫਸਰ ਵੱਲੋਂ ਮੁਲਤਵੀ ਕਰ ਦਿੱਤੀ ਗਈ।
ਕੁੱਲ 88 ਮੈਂਬਰਾਂ ਵਾਲੀ ਕੋਆਪਰੇਟਿਵ ਸੁਸਾਇਟੀ ਵਿੱਚ 11 ਮੈਂਬਰਾਂ ਵੱਲੋਂ ਚੋਣ ਲੜੀ ਜਾਣੀ ਸੀ, ਜਿਸ ਵਿੱਚ 8 ਜਨਰਲ, 2 ਜਨਰਲ ਔਰਤਾਂ ਅਤੇ 1 ਰਿਜ਼ਰਵ ਵੱਲੋਂ ਮੈਂਬਰ ਚੁਣਿਆ ਜਾਣਾ ਸੀ। ਚੋਣ ਅਮਲਾ ਅਧਿਕਾਰੀਆਂ ਮੁਤਾਬਿਕ ਮੁੱਢਲੀ ਪ੍ਰਕਿਰਿਆ ਅਨੁਸਾਰ ਚੋਣ ਕਰਵਾਉਣ ਸਮੇਂ 75 ਪ੍ਰਤੀਸ਼ਤ ਮੈਂਬਰਾਂ ਦੀ ਹਾਜ਼ਰੀ ਹੋਣੀ ਲਾਜ਼ਮੀ ਸੀ ਪਰ ਮੈਂਬਰ ਪੂਰੇ ਨਾ ਹੋਣ ਕਰਕੇ ਚੋਣ ਮੁਲਤਵੀ ਕੀਤੀ ਗਈ ਹੈ। ਚੋਣ ਮੁਲਤਵੀ ਕਰਨ ਅਕਾਲੀ ਆਗੂ ਸਿਵਰਾਜ ਸਿੰਘ ਜੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਾਰ ਨੂੰ ਵੇਖਦਿਆਂ ਚੋਣ ਜਾਣਬੁੱਝ ਕੇ ਮੁਲਤਵੀ ਕਰਵਾਈ ਹੈ। ਸਹਾਇਕ ਰਜਿਸਟਰਾਰ ਪਾਇਲ ਕਮਲਜੀਤ ਸਿੰਘ ਮਾਂਗਟ ਨੇ ਕਿਹਾ ਕੋਰਮ ਪੂਰਾ ਨਾ ਹੋਣ ਕਰਕੇ ਚੋਣ ਰੱਦ ਕਰ ਦਿੱਤੀ ਗਈ ਹੈ, ਜੋ ਜਲਦੀ ਹੀ ਕਾਰਵਾਈ ਜਾਵੇਗੀ। ਪਿੰਡ ਵਿੱਚ ਭਾਰੀ ਫੋਰਸ ਤਾਇਨਾਤ ਕਰਨ ਦੇ ਮਾਮਲੇ ਵਿੱਚ ਐੱਸਐਚਓ ਪਾਇਲ ਅਮਰੀਕ ਸਿੰਘ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲੀਸ ਤਾਇਨਾਤ ਕੀਤੀ ਗਈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆੜ੍ਹਤੀ ਅਵਿਨਾਸ਼ਪ੍ਰੀਤ ਸਿੰਘ ਜੱਲਾ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਆਪਣਾ ਵਜ਼ੂਦ ਬਚਾਉਣ ਲਈ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ।