ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਸਤੰਬਰ
ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਅੱਜ ਮਾਛੀਵਾੜਾ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਅਤੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਫਸਲ ਵੇਚਣ ’ਚ ਕੋਈ ਮੁਸ਼ਕਲ ਨਹੀਂ ਆਉਣ ਦੇਵੇਗੀ। ਮਾਛੀਵਾੜਾ ਵਿੱਚ ਆਨੰਦ ਟ੍ਰੇਡਰਜ਼ ਦੇ ਫੜ੍ਹ ਤੋਂ ਕਿਸਾਨ ਹਰਜਿੰਦਰ ਸਿੰਘ ਵਾਸੀ ਜੀਵਨਪੁਰ ਦੀ ਫਸਲ ਦੀ ਢੇਰੀ ਪਨਗ੍ਰੇਨ ਨੇ ਸਰਕਾਰੀ ਭਾਅ ਲਗਾ ਕੇ ਖਰੀਦੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਕਰੋਨਾ ਕਾਰਨ ਮੰਡੀਆਂ ਵਿਚ ਸਮਾਜਿਕ ਦੂਰੀ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ, ਇਸ ਲਈ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਵੇਚਣ ਲਈ ਇਲਾਕੇ ਦੇ ਸ਼ੈਲਰਾਂ ਅਤੇ ਆੜ੍ਹਤੀਆਂ ਦੇ ਜੋ ਬਾਹਰ ਪ੍ਰਾਈਵੇਟ ਫੜ੍ਹ ਹਨ, ਉਨ੍ਹਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪਿਛਲੇ ਸਾਲ ਕਣਕ ਦੇ ਸੀਜ਼ਨ ਦੌਰਾਨ ਇਸ ਵਾਰ ਵੀ ਝੋਨੇ ਦੀ ਫਸਲ ਲਈ ਵੀ ਕਿਸਾਨ ਟੋਕਨ ਸਿਸਟਮ ਰਾਹੀਂ ਫ਼ਸਲ ਮੰਡੀ ’ਚ ਵੇਚਣ ਲਈ ਲਿਆਉਣ ਅਤੇ ਜੇਕਰ ਸੁੱਕਾ ਝੋਨਾ ਹੋਵੇਗਾ ਤਾਂ ਉਸ ਦੀ ਸਰਕਾਰੀ ਏਜੰਸੀਆਂ ਤੁਰੰਤ ਖਰੀਦ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਾਰਕੀਟ ਕਮੇਟੀ ਦਫ਼ਤਰ ’ਚੋਂ ਟੋਕਨ ਮੁਹੱਈਆ ਕਰਵਾਏ ਜਾਣਗੇ ਅਤੇ ਆੜ੍ਹਤੀ ਵੀ ਯੋਜਨਾਬੱਧ ਢੰਗ ਨਾਲ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਲਿਆਉਣ ਤਾਂ ਜੋ ਕੋਈ ਮੁਸ਼ਕਲ ਨਾ ਆਵੇ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਉਪ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਮਾਰਕੀਟ ਕਮੇਟੀ ਸਕੱਤਰ ਹਰਪ੍ਰੀਤ ਕੌਰ, ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਅਰਵਿੰਦਰਪਾਲ ਸਿੰਘ ਵਿੱਕੀ, ਕਪਿਲ ਆਨੰਦ, ਨਿਤਿਨ ਜੈਨ, ਅਮਿਤ ਭਾਟੀਆ, ਹੈਪੀ ਬਾਂਸਲ, ਪਰਮਿੰਦਰ ਸਿੰਘ ਨੋਨਾ, ਵਿਨੀਤ ਜੈਨ (ਸਾਰੇ ਆੜ੍ਹਤੀ), ਇੰਸਪੈਕਟਰ ਬਲਦੇਵ ਸਿੰਘ, ਇੰਸਪੈਕਟਰ ਯਾਦਵਿੰਦਰ ਸਿੰਘ, ਲੇਖਾਕਾਰ ਗੁਰਮੇਲ ਸਿੰਘ, ਜਗਜੀਤ ਮਹਿਰਾ ਮੌਜੂਦ ਸਨ।