ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਪਰੈਲ
ਪੰਜਾਬ ਦੇ ਦਰਿਆਵਾਂ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਲੋਕ ਆਵਾਜ਼ ਬਣ ਕੇ ਕੰਮ ਕਰ ਰਹੇ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਵੱਲੋਂ ਅੱਜ ਸਤਲੁਜ ਦਰਿਆ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਇਸ ਮੌਕੇ ਕਮੇਟੀ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ। ਮੱਤੇਵਾੜਾ ਦੇ ਜੰਗਲਾਂ ਦੇ ਹੋ ਰਹੇ ਉਜਾੜੇ ਨੂੰ ਰੋਕਣ, ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਰਹਿਤ ਕਰਨ ਅਤੇ ਪ੍ਰਦੂਸ਼ਿਤ ਬੁੱਢੇ ਨਾਲੇ ਦਾ ਪਾਣੀ ਸਤਲੁਜ ਵਿੱਚ ਨਾ ਸੁੱਟਣ ਲਈ ਜਦੋਜਹਿਦ ਕਰ ਰਹੀ ਪੀਏਸੀ ਵੱਲੋਂ ਅੱਜ ਸਤਲੁਜ ਦਰਿਆ ਦੇ ਕੰਢੇ ’ਤੇ ਸਤਲੁਜ ਦਰਿਆ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕਮੇਟੀ ਦੇ ਨੁਮਾਇੰਦਿਆਂ ਇੰਜ. ਜਸਕੀਰਤ ਸਿੰਘ, ਕਪਿਲ ਅਰੋੜਾ, ਪੰਜਾਬੀ ਪਾਸਾਰ ਭਾਈਚਾਰਾ ਦੇ ਮਹਿੰਦਰ ਸਿੰਘ ਸੇਖੋਂ ਨੇ ਉਮੀਦ ਪ੍ਰਗਟਾਈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਚੰਗੇ ਕਦਮ ਚੁੱਕਣਗੇ ਤਾਂ ਕਿ ਸਤਲੁਜ ਨੂੰ ਮੁੜ ਸੁਰਜੀਤ ਅਤੇ ਪ੍ਰਦੂਸ਼ਣ ਰਹਿਤ ਕੀਤਾ ਜਾ ਸਕੇ।