ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਸਤੰਬਰ
ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਥੋਂ ਦੇ ਪੈਨਸ਼ਨਰ ਭਵਨ ਵਿਖੇ ਚੇਅਰਮੈਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਅਣਗੌਲੇ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ। ਪੈਨਸ਼ਨਰਾਂ ਦਾ ਕਹਿਣਾ ਸੀ ਕਿ ਸੂਬੇ ਦੀ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਦੇ ਕਰੀਬ ਹੋ ਗਏ ਹਨ ਪਰ ਹਾਲੇ ਤੱਕ ਪੈਨਸ਼ਨਰਾਂ ਸਬੰਧੀ ਕੁੱਝ ਨਹੀਂ ਕੀਤਾ ਗਿਆ। ਮਹਿੰਗਾਈ ਕਾਰਨ ਪੈਟਰੋਲ ਦੀ ਕੀਮਤ 103 ਰੁਪਏ ਤੋਂ ਉਪਰ, ਐਲਪੀਜੀ ਗੈਸ ਸਿੰਲਡਰ 915 ਰੁਪਏ ਤੋਂ ਉਪਰ ਅਤੇ ਦਾਲਾਂ, ਸਬਜ਼ੀਆਂ ਦੇ ਭਾਅ ਵੀ ਅਸਮਾਨੀ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਪੇਅ ਕਮਿਸ਼ਨ 2016 ਵਿੱਚ ਲਾਗੂ ਹੋਣਾ ਸੀ, ਉਹ 2021 ਵਿੱਚ ਲਾਗੂ ਹੋ ਰਿਹਾ ਹੈ ਜਿਸ ਕਰਕੇ ਉਸ ਸਮੇਂ ਅਨੁਸਾਰ ਮਹਿੰਗਾਈ ਕਈ ਗੁਣਾਂ ਵੱਧ ਗਈ ਹੈ। ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਸੂਬਾ ਸਰਕਾਰ ਵਿਰੁੱਧ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋ ਰਹੀ ਸੂਬਾ ਪੱਧਰੀ ਰੈਲੀ ਵਿੱਚ ਪੈਨਸ਼ਨਰਜ਼ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਮੀਟਿੰਗ ’ਚ ਜਨਰਲ ਸਕੱਤਰ ਨਿਰਮਲ ਸਿੰਘ ਲਲਤੋਂ, ਮਦਨ ਲਾਲ ਸ਼ਰਮਾ, ਸੁਦਾਗਰ ਸਿੰਘ, ਰਾਜਿੰਦਰ ਕੁਮਾਰ, ਦਰਸ਼ਨ ਸਿੰਘ ਲਾਡਲਾ, ਹਰਜੀਤ ਸਿੰਘ ਗਰੇਵਾਲ, ਸਤੀਸ਼ ਸਚਦੇਵਾ ਨੇ ਵਿਚਾਰ ਸਾਂਝੇ ਕੀਤੇ।