ਗਗਨਦੀਪ ਅਰੋੜਾ
ਲੁਧਿਆਣਾ, 30 ਅਕਤੂਬਰ
ਇਥੋਂ ਦੀ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਅੱਜ ਨਗਰ ਨਿਗਮ ਦੇ ਸਾਰੇ ਜ਼ੋਨਲ ਕਮਿਸ਼ਨਰਾਂ ਤੇ ਨਿਗਰਾਨ ਇੰਜੀਨੀਅਰਾਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਅਫ਼ਸਰ ਸਵੇਰੇ 9 ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ ਵਿਚ ਬੈਠ ਕੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਤਾਂ ਕਿ ਨਗਰ ਨਿਗਮ ਦੇ ਦਫ਼ਤਰਾਂ ਵਿਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨਿਗਰਾਨ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਉਹ ਰੋਜ਼ਾਨਾ ਜਾਂਚ ਕਰਨਗੇ ਅਤੇ ਨਾਲ ਹੀ 30, 70 ਤੇ 100 ਫੀਸਦੀ ਕੰਮ ਮੁਕੰਮਲ ਹੋਣ ’ਤੇ ਸਰਟੀਫਿਕੇਟ ਪੇਸ਼ ਕਰਨਗੇ ਕਿ ਕੰਮ ਮਾਪਦੰਡ ਅਨੁਸਾਰ ਸਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਚੱਲ ਰਹੇ ਹਨ ਉਨ੍ਹਾਂ ਦੇ ਬੋਰਡ ਲੱਗੇ ਹੋਣੇ ਚਾਹੀਦੇ ਹਨ ਜਿਸ ਵਿੱਚ ਕੰਮ ਦਾ ਵੇਰਵਾ, ਠੇਕੇਦਾਰ ਦਾ ਨਾਮ, ਸਬੰਧਤ ਨਿਗਰਾਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਦਾ ਨਾਮ, ਕੰਮ ਸ਼ੁਰੂ ਅਤੇ ਖਤਮ ਹੋਣ ਦੀ ਮਿਤੀ ਦਰਸਾਈ ਹੋਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਦੀ ਰੋਜ਼ਾਨਾ ਬਾਅਦ ਦੁਪਹਿਰ ਜਾਂਚ ਕੀਤੀ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਆਪਣੇ-ਆਪਣੇ ਜ਼ੋਨ ਵਿੱਚ ਪੈਂਦੇ ਇਲਾਕਿਆਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਲੁਧਿਆਣਾ ਸ਼ਹਿਰ ਦੀ ਸਵੱਛ-ਸਰਵੇਖਣ 2021 ਵਿੱਚ ਵਧੀਆ ਰੈਂਕਿੰਗ ਆ ਸਕੇ।