ਸਤਵਿੰਦਰ ਬਸਰਾ
ਲੁਧਿਆਣਾ, 25 ਜੂਨ
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਕੱਚੇ ਮੁਲਾਜ਼ਮਾਂ ਦੀ ਮੀਟਿੰਗ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਦੀ ਪ੍ਰਧਾਨਗੀ ਹੇਠ ਗਦਰੀ ਬਾਬਾ ਭਾਨ ਸਿੰਘ ਸੁਨੇਤ ਯਾਦਗਾਰ ਵਿੱਚ ਹੋਈ। ਇਸ ਵਿੱਚ ਸ਼ਾਮਲ ਕੱਚੇ ਕਾਮਿਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਿੱਡ-ਡੇਅ ਮੀਲ ਕਾਮਿਆਂ, ਆਸ਼ਾ ਵਰਕਰਾਂ, ਕੱਚੇ ਅਧਿਆਪਕਾਂ, ਆਂਗਣਵਾੜੀ ਵਰਕਰਾਂ, ਜੰਗਲਾਤ ਵਰਕਰਾਂ ਸਮੇਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਮਿੱਡ-ਡੇਅ ਮੀਲ ਆਗੂਆਂ ਵਿਦਿਆਵਤੀ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਮਿੱਡ ਡੇਅ ਮੀਲ ਕੁੱਕ ਤੋਂ ਖਾਣੇ ਤੋਂ ਇਲਾਵਾ ਵਾਧੂ ਕੰਮ ਨਾ ਲਏ ਜਾਣ, ਤਨਖਾਹਾਂ ਜਾਰੀ ਕੀਤੀਆਂ ਜਾਣ, ਵਿਭਾਗ ਵੱਲੋਂ ਕੁੱਕਾਂ ਦੇ ਸੰਘਰਸ਼ ਦੀ ਬਦੌਲਤ ਜਾਰੀ ਕੀਤੇ ਪੱਤਰ ਲਾਗੂ ਕੀਤੇ ਜਾਣ ਅਤੇ ਕੁੱਕਾਂ ਦਾ ਜੀਵਨ ਬੀਮਾ ਅਤੇ ਸਿਹਤ ਬੀਮਾ ਕੀਤਾ ਜਾਵੇ। ਡੀ.ਐੱਮ.ਐੱਫ. ਦੇ ਜ਼ਿਲ੍ਹਾ ਸਕੱਤਰ ਰਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਮਿੱਡ-ਡੇਅ ਮੀਲ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਥੇਬੰਦੀ ਦਾ ਵਫਦ 28 ਜੂਨ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ ਮਿਲੇਗਾ ਅਤੇ ਮਿੱਡ ਡੇਅ ਮੀਲ ਵਰਕਰਾਂ ਦੀਆਂ ਸਮੱਸਿਆਵਾਂ ਤੋਂ ਅਧਿਕਾਰੀ ਨੂੰ ਜਾਣੂ ਕਰਵਾਇਆ ਜਾਵੇਗਾ।