ਗੁਰਿੰਦਰ ਸਿੰਘ
ਲੁਧਿਆਣਾ, 13 ਸਤੰਬਰ
ਨਾਰਦਰਨ ਜ਼ੋਨ ਇੰਸ਼ੋਰੈਂਸ ਐਂਪਲਾਈਜ਼ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਵੱਲੋਂ ਭਾਰਤੀ ਜੀਵਨ ਬੀਮਾ ਨਿਗਮ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਚੱਲ ਰਹੀ ਕਾਰਵਾਈ ਦੇ ਵਿਰੋਧ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮੰਗ ਪੱਤਰ ਦਿੱਤਾ ਹੈ।
ਜਥੇਬੰਦੀ ਦੇ ਪ੍ਰਧਾਨ ਪੀਪੀ ਸਿੰਘ ਅਤੇ ਸਕੱਤਰ ਅਮਰਜੀਤ ਸਿੰਘ ਨੇ ਸਿਮਰਜੀਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ’ਤੇ ਜ਼ੋਰ ਪਾ ਕੇ ਇਸ ਫ਼ੈਸਲੇ ਨੂੰ ਵਾਪਸ ਲੈਣ ਲਈ ਮਜਬੂਰ ਕਰਨ। ਇਸ ਫ਼ੈਸਲੇ ਰਾਹੀਂ ਭਾਰਤ ਸਰਕਾਰ ਐਲਆਈਸੀ ਦਾ 25 ਫ਼ੀਸਦੀ ਹਿੱਸਾ ਆਈਪੀਓ ਰਾਹੀਂ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਿੱਤ ਲਈ ਇਸ ਨੂੰ ਰੋਕਿਆ ਜਾਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਐੱਲਆਈਸੀ 1956 ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਸੀ ਜਿਸ ਨੇ ਤਰੱਕੀ ਕਰਦੇ ਹੋਏ ਅਤੇ ਰਾਸ਼ਟਰ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹੋਏ ਹੁਣ ਤੱਕ 32 ਲੱਖ ਕਰੋੜ ਰੁਪਏ ਦਾ ਲਾਈਫ਼ ਫੰਡ ਜੋੜ ਰੱਖਿਆ ਹੈ ਅਤੇ ਜਿਸ ਕੋਲ ਤਕਰੀਬਨ 31 ਲੱਖ ਕਰੋੜ ਤੋਂ ਵੱਧ ਦੀ ਸੰਪਤੀ ਹੈ। ਐਲਆਈਸੀ 40 ਕਰੋੜ ਪਾਲਿਸੀਆਂ ਨਾਲ 13.5 ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਹੀ ਹੈ ਜਦਕਿ ਇਸ ਕੰਪਨੀ ਦੇ 1.5 ਲੱਖ ਕਰਮਚਾਰੀ ਹਨ ਅਤੇ 12 ਲੱਖ ਦੇ ਕਰੀਬ ਏਜੰਟ ਹਨ।
ਉਨ੍ਹਾਂ ਵਿਧਾਇਕ ਬੈਂਸ ਨੇ ਜਥੇਬੰਦੀ ਦੇ ਆਗੂਆਂ ਨੂੰ ਧਿਆਨ ਨਾਲ ਸੁਣਨ ਉਪਰੰਤ ਵਿਸ਼ਵਾਸ ਦਿਵਾਇਆ ਕਿ ਉਹ ਕੇਂਦਰ ਸਰਕਾਰ ਤੱਕ ਉਨ੍ਹਾਂ ਦੀ ਇਹ ਆਵਾਜ਼ ਪਹੁੰਚਾਉਣਗੇ ਅਤੇ ਜੇ ਜਥੇਬੰਦੀ ਸੰਘਰਸ਼ ਕਰਦੀ ਹੈ ਤਾਂ ਲੋਕ ਇਨਸਾਫ਼ ਪਾਰਟੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ।