ਸਤਵਿੰਦਰ ਬਸਰਾ
ਲੁਧਿਆਣਾ, 10 ਜੁਲਾਈ
ਸ਼ਹਿਰ ਦੀ ਵੱਖੀ ਵਿੱਚ ਪੈਂਦੇ ਮੱਤੇਵਾੜਾ ਦੇ ਜੰਗਲਾਂ ਅਤੇ ਸਤਲੁਜ ਨੂੰ ਬਚਾਉਣ ਲਈ ਲੋਕ ਜਾਗਰੂਕ ਹੋ ਚੁੱਕੇ ਹਨ। ਅੱਜ ਮੱਤੇਵਾੜਾ ਵਿੱਚ ਹੋਏ ਠਾਠਾ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ। ਇਸ ਜੰਗਲ ਦੇ ਨੇੜੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪਹਿਲਾਂ ਉਦਯੋਗਿਕ ਪਾਰਕ ਜਿਸ ਦਾ ਹੁਣ ਨਾਂ ਬਦਲ ਕਿ ਟੈਕਸਟਾਈਲ ਪਾਰਕ ਰੱਖ ਦਿੱਤਾ ਗਿਆ ਹੈ, ਬਣਾਉਣ ਦੀ ਤਜਵੀਜ਼ ਹੈ। ਜਿਸ ਜ਼ਮੀਨ ’ਤੇ ਹੁਣ ਟੈਕਸਟਾਈਲ ਪਾਰਕ ਬਣਾਉਣ ਦੀ ਤਜਵੀਜ਼ ਹੈ, ਉਸ ਵਿੱਚੋਂ ਕਰੀਬ 417 ਏਕੜ ਸੇਖੇਵਾਲ ਦੀ ਪੰਚਾਇਤੀ ਜ਼ਮੀਨ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਦੇ ਆ ਰਹੇ ਸਨ। ਇਨ੍ਹਾਂ ਲੋਕਾਂ ਵਿੱਚ ਵੀ ਉਦਯੋਗਿਕ ਪਾਰਕ ਬਣਾਉਣ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ।
ਸਮੂਹ ਵਾਤਾਵਰਨ ਪ੍ਰੇਮੀਆਂ ਅਤੇ ਇਸ ਥਾਂ ’ਤੇ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਦੇ ਸਥਾਨਕ ਲੋਕਾਂ ਵੱਲੋਂ ਪਾਰਕ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਪਾਰਕ ਨੂੰ ਬਣਾਉਣ ਦਾ ਫ਼ੈਸਲਾ ਕਾਂਗਰਸ ਸਰਕਾਰ ਸਮੇਂ ਲਿਆ ਗਿਆ ਸੀ ਪਰ ਹੁਣ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਮੁੱਦਾ ਉਭਾਰਨ ਤੋਂ ਬਾਅਦ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਇਸ ਦਾ ਡੱਟਵਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀ ‘ਆਪ’ ਸਰਕਾਰ ਨੂੰ ਘੇਰਨ ਲਈ ਵਿਰੋਧੀਆਂ ਨੂੰ ਇਹ ਵੱਡਾ ਮੁੱਦਾ ਮਿਲ ਗਿਆ ਹੈ। ਭਗਵੰਤ ਮਾਨ ਦੇ ਵਿਧਾਨ ਸਭਾ ਵਿੱਚ ਟੈਕਸਟਾਈਲ ਪਾਰਕ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਇਹ ਮੁੱਦਾ ਹੋਰ ਭਖ ਗਿਆ ਹੈ। ਦੂਜੇ ਪਾਸੇ ਮੁੱਖ ਮੰਤਰੀ ਸ੍ਰੀ ਮਾਨ ਨੇ ਸਤਲੁਜ ਦੇ ਪਾਣੀ ਅਤੇ ਮੱਤੇਵਾੜਾ ਜੰਗਲਾਂ ਨੂੰ ਕੋਈ ਨੁਕਸਾਨ ਨਾ ਹੋਣ ਦੇਣ ਦੀ ਗੱਲ ਕੀਤੀ ਹੈ। ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਆਉਂਦੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।
1000 ਏਕੜ ਵਿੱਚ ਬਣਾਇਆ ਜਾਣਾ ਹੈ ਟੈਕਸਟਾਈਲ ਪਾਰਕ
ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦੇ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਮੱਤੇਵਾੜਾ ਜੰਗਲ ਦੇ ਨੇੜੇ ਸੇਖੇਵਾਲ ਦੀ 417 ਏਕੜ ਪੰਚਾਇਤੀ ਜ਼ਮੀਨ, ਗੜ੍ਹੀਫਾਜ਼ਲ ਸਮੇਤ ਹੈਦਰ ਨਗਰ ਦੇ ਜੰਗਲਾਂ ਨੇੜੇ ਅਤੇ ਸਤਲੁਜ ਦੇ ਬੰਨ੍ਹ ਨਾਲ ਲੱਗਦੀ ਕੁਝ ਜ਼ਮੀਨ ’ਤੇ ਮੈਗਾ ਟੈਕਸਟਾਈਲ ਪਾਰਕ ਬਣਾਉਣ ਦਾ ਪ੍ਰਸਤਾਵ ਹੈ। ਕਾਂਗਰਸ ਦੇ ਸਮੇਂ ਇਸ ਪਾਰਕ ਦਾ ਨਾਂ ਉਦਯੋਗਿਕ ਪਾਰਕ ਰੱਖਿਆ ਗਿਆ ਸੀ ਪਰ ਸੂਬੇ ’ਚ ‘ਆਪ’ ਦੀ ਸਰਕਾਰ ਆਉਣ ’ਤੇ ਹੁਣ ਇਸ ਦਾ ਨਾਂ ਬਦਲ ਕਿ ਮੈਗਾ ਟੈਕਸਟਾਈਲ ਪਾਰਕ ਰੱਖ ਦਿੱਤਾ ਗਿਆ ਹੈ। ਇਹ ਸਾਰੀ ਜ਼ਮੀਨ ਕਰੀਬ 955 ਏਕੜ ਬਣਦੀ ਹੈ।
ਸਤਲੁਜ ਦਾ ਪਾਣੀ ਗੰਧਲਾ ਹੋਣ ਦਾ ਡਰ
ਉਦਯੋਗਿਕ ਪਾਰਕ ਬਣਨ ਨਾਲ ਸਤਲੁਜ ਦਾ ਪਾਣੀ ਵੀ ਬੁੱਢੇ ਨਾਲੇ ਦੀ ਤਰ੍ਹਾਂ ਪ੍ਰਦੂਸ਼ਿਤ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ਸ਼ਹਿਰ ਵਿੱਚੋਂ ਨਿਕਲਦਾ ਬੁੱਢਾ ਨਾਲਾ ਵੀ ਕਦੇ ਸਾਫ ਪਾਣੀ ਵਾਲਾ ਬੁੱਢਾ ਦਰਿਆ ਹੁੰਦਾ ਸੀ, ਜੋ ਆਲੇ-ਦੁਆਲੇ ਉਦਯੋਗਿਕ ਇਕਾਈਆਂ ਲੱਗਣ ਨਾਲ ਅੱਜ ਬੁੱਢਾ ਨਾਲਾ ਬਣ ਗਿਆ ਹੈ। ਟੈਕਸਟਾਈਲ ਪਾਰਕ ਵਿੱਚ ਮਸ਼ੀਨਾਂ ਲੱਗਣ ਅਤੇ ਆਵਾਜਾਈ ਵਧਣ ਨਾਲ ਜੰਗਲ ਦੀ ਸ਼ਾਂਤੀ ਭੰਗ ਹੋਵੇਗੀ, ਪੰਛੀ ਅਤੇ ਹੋਰ ਜੰਗਲੀ ਜਾਨਵਰ ਇੱਥੋਂ ਕੂਚ ਕਰਕੇ ਕਿਤੇ ਹੋਰ ਥਾਂ ਜਾਣ ਲਈ ਮਜਬੂਰ ਹੋ ਜਾਣਗੇ।
ਪਾਰਕ ਬਣਨ ਨਾਲ ਪਾਣੀ ਰੀਚਾਰਜ ਦੀ ਆ ਸਕਦੀ ਹੈ ਸਮੱਸਿਆ
ਟੈਕਸਟਾਈਲ ਪਾਰਕ ਸਤਲੁਜ ਦੇ ਹੜ੍ਹ ਮੈਦਾਨ ਨੇੜੇ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਪਾਣੀ ਰੀਚਾਰਜ ਹੋ ਕੇ ਜ਼ਮੀਨ ਹੇਠਾਂ ਜਾਣੋਂ ਹਟ ਜਾਵੇਗੇ ਅਤੇ ਹੜ੍ਹ ਆਉਣ ਦਾ ਖਤਰਾ ਬਣ ਸਕਦਾ ਹੈ। ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਦਰਿਆਵਾਂ ਦੇ ਨੇੜੇ ਹੜ੍ਹ ਰੋਕੂ ਮੈਦਾਨ ਹੁੰਦੇ ਹਨ, ਜੋ ਦਰਿਆਵਾਂ ਦੇ ਵਾਧੂ ਪਾਣੀ ਨੂੰ ਜ਼ਮੀਨ ਹੇਠਾਂ ਭੇਜਣ ਦਾ ਕੰਮ ਕਰਦੇ ਹਨ। ਸਤਲੁਜ ਦੇ ਨੇੜੇ ਵੀ ਅਜਿਹੇ ਹੜ੍ਹ ਮੈਦਾਨ ਦੇਖੇ ਜਾ ਸਕਦੇ ਹਨ ਅਤੇ ਇਨ੍ਹਾਂ ਦੇ ਨੇੜੇ ਉਦਯੋਗਿਕ ਪਾਰਕ ਬਣਾਉਣਾ ਖਤਰੇ ਤੋਂ ਖਾਲੀ ਨਹੀਂ ਹੈ।