ਪੱਤਰ ਪ੍ਰੇਰਕ
ਜਗਰਾਉਂ, 10 ਫਰਵਰੀ
ਵਿਧਾਨ ਸਭਾ ਹਲਕਾ ਜਗਰਾਉਂ ਦੇ ਬਰਨਾਲਾ ਜ਼ਿਲ੍ਹੇ ਦੀ ਹੱਦ ’ਤੇ ਪੈਂਦੇ ਆਖਰੀ ਪਿੰਡ ਹਠੂਰ ’ਚ ਅਕਾਲੀ ਦਲ-ਬਸਪਾ ਉਮੀਦਵਾਰ ਐੱਸ.ਆਰ. ਕਲੇਰ ਵੱਲੋਂ ਰੱਖੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਅਕਾਲੀ ਦਲ ਹਠੂਰ ਸਰਕਲ ਦੇ ਪ੍ਰਧਾਨ ਮਲਕੀਤ ਸਿੰਘ ਸਰਪੰਚ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਅਕਾਲੀ ਦਲ-ਬਸਪਾ ਗਠਜੋੜ ਨੂੰ ਜਿਤਾਉਣ ਦਾ ਸੰਕਲਪ ਲਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅਕਾਲੀ ਦਲ ਦੀ ਲੋਕ ਪ੍ਰਿਯਤਾ ਪਹਿਲਾਂ ਨਾਲੋਂ 10 ਗੁਣਾ ਵੱਧ ਗਈ ਹੈ। ਲੋਕਾਂ ਨੇ ਅਕਾਲੀ ਅਤੇ ਕਾਂਗਰਸ ਸਰਕਾਰ ਮੌਕੇ ਹੋਏ ਕਾਰਜਾਂ ਦਾ ਆਪ ਹੀ ਲੇਖਾ-ਜੋਖਾ ਕਰ ਲਿਆ ਹੈ। ਦੀਦਾਰ ਮਲਕ ਨੇ ਆਖਿਆ ਕਿ ਕਾਂਗਰਸ ਸਰਕਾਰ ਦੀਆਂ ਲੋਕ ਅਤੇ ਸਮਾਜ ਵਿਰੋਧੀ ਨੀਤੀਆਂ ਨੇ ਕਾਂਗਰਸ ਪਾਰਟੀ ਪ੍ਰਤੀ ਲੋਕ ਮਨਾਂ ’ਚ ਨਫ਼ਰਤ ਭਰ ਦਿੱਤੀ ਹੈ। ਲੋਕਾਂ ਵੱਲੋਂ ਮਿਲ ਰਿਹਾ ਪਿਆਰ ਸਤਿਕਾਰ ਸਾਡੀ ਜਿੱਤ ਦਰਜ ਕਰਵਾਏਗਾ। ਉਮੀਦਵਾਰ ਅਤੇ ਸਾਬਕਾ ਵਿਧਾਇਕ ਐੱਸ.ਆਰ.ਕਲੇਰ ਨੇ ਆਖਿਆ ਕਿ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਸਮਰਪਿਤ ਹਨ।