ਪੱਤਰ ਪ੍ਰੇਰਕ
ਮਾਛੀਵਾੜਾ, 31 ਜੁਲਾਈ
ਸਥਾਨਕ ਕਮਿਊਨਿਟੀ ਸੈਂਟਰ ਵਿੱਚ ਸ਼ਹਿਰ ਦੀਆਂ ਔਰਤਾਂ ਤੇ ਲੜਕੀਆਂ ਨੇ ‘ਤੀਆਂ ਤੀਜ ਦੀਆਂ’ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕਮਿਊਨਿਟੀ ਸੈਂਟਰ ’ਚ ਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਸਮਾਗਮ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇਸ ਸਮਾਗਮ ’ਚ ਪੁੱਜ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਸਾਡੀਆਂ ਭੈਣਾਂ ਤੇ ਬੱਚੀਆਂ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਹ ਯੋਗ ਉਪਰਾਲਾ ਕਰ ਰਹੀਆਂ ਹਨ। ਉਨ੍ਹਾਂ ਤੀਆਂ ਦੀ ਇਤਿਹਾਸਕ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਖੰਨਾ, ਨਵਾਂਸ਼ਹਿਰ, ਲੁਧਿਆਣਾ, ਖਮਾਣੋ, ਮੋਰਿੰਡਾ ਤੇ ਚੰਡੀਗੜ੍ਹ ਤੋਂ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਔਰਤਾਂ ਵਲੋਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਗਿੱਧੇ ਦੀਆਂ ਵੰਨਗੀਆਂ ਅਤੇ ਬੋਲੀਆਂ ਪਾਈਆਂ ਗਈਆਂ ਉੱਥੇ ਡੀਜੇ ’ਤੇ ਵੀ ਨੱਚ ਕੇ ਧਮਾਲਾਂ ਪਾਈਆਂ ਤੇ ਕਈ ਨਵ-ਵਿਆਹੀਆਂ ਮੁਟਿਆਰਾਂ ਨੇ ਚਰਖੇ ਕੱਤ ਕੇ ਦਿਖਾਏ। ਪ੍ਰੋਗਰਾਮ ਵਿੱਚ ਦੇਸੀ ਪੱਖੀਆਂ ਵੀ ਝੱਲੀਆਂ ਗਈਆਂ। ਇਸ ਮੌਕੇ ਸਜ ਵਿਆਹੀਆਂ ਲੜਕੀਆਂ ਨਾਲ ਉਨ੍ਹਾਂ ਦੇ ਲਾੜੇ ਵੀ ਪਹੁੰਚੇ ਸਨ, ਜਿੱਥੇ ਉਨ੍ਹਾਂ ਆਪਸ ਵਿੱਚ ਭੰਗੜੇ ਪਾ ਕੇ ਜਸ਼ਨ ਮਨਾਇਆ।
ਲੁਧਿਆਣਾ(ਖੇਤਰੀ ਪ੍ਰਤੀਨਿਧ): ਲੰਡਨ ਕਿਡਸ ਯੂਕੇ ਇੰਟਰਨੈਸ਼ਨਲ ਪ੍ਰੀ-ਸਕੂਲ ਵੱਲੋਂ ਤੀਜ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਕੈਂਪਸ ਨੂੰ ਪੁਰਾਤਨ ਵਸਤਾਂ ਨਾਲ ਸਜਾਇਆ ਹੋਇਆ ਸੀ। ਸਕੂਲ ਦੇ ਛੋਟੇ-ਛੋਟੇ ਵਿਦਿਆਰਥੀ ਸੋਹਣੇ ਪੰਜਾਬੀ ਪਹਿਰਾਵੇ ਪਾ ਕੇ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਕੌਂਸਲਰ ਰਾਸ਼ੀ ਹੇਮਰਾਜ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਸ੍ਰੀ ਵਨੀਤ ਅਤੇ ਮੈਡਮ ਗਾਇਤਰੀ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਆਖੀ। ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਕੀਤੀਆਂ ਉੱਥੇ ਮਿਸ ਤੀਜ਼ ਦਾ ਮੁਕਾਬਲਾ ਵੀ ਕਰਵਾਇਆ ਗਿਆ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਡੀਏਵੀ ਸਕੂਲ ਜਗਰਾਉਂ ਵਿਖੇ ਅੱਜ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ’ਚ ਪਹਿਲੀ ਤੋਂ ਤੀਜੀ ਜਮਾਤ ਤੱਕ ਦੇ ਬੱਚੇ ਸ਼ਾਮਲ ਹੋਏ। ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਗੀਤ ਗਾਏ ਗਏ। ਪੰਜਾਬੀ ਗੀਤਾਂ ਦੀਆਂ ਧੁਨੀਆਂ ’ਤੇ ਬੱਚਿਆਂ ਨੇ ਖੂਬ ਭੰਗੜੇ ਪਾਏ। ਸਾਰੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਸਾਉਣ ਦੇ ਮਹੀਨੇ ਦੇ ਇਸ ਤਿਉਹਾਰ ਮੌਕੇ ਬੱਚੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਸੋਹਣੇ ਰਵਾਇਤੀ ਕੱਪੜੇ ਪਾ ਕੇ ਆਏ ਅਤੇ ਘਰਾਂ ਤੋਂ ਵੱਖ ਵੱਖ ਤਰ੍ਹਾਂ ਦੇ ਪਕਵਾਨ ਵੀ ਲੈ ਕੇ ਆਏ ਜੋ ਕਿ ਸਾਰਿਆਂ ਨੇ ਰਲ-ਮਿਲ ਕੇ ਖਾਧੇ।