ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਮਈ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਲੁਧਿਆਣਾ-2 ਅਧੀਨ ਪਿੰਡ ਸੇਲਕੀਆਣਾ ਵਿੱਚ 83 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ। ਇਸ ਸਬੰਧੀ ਬਲਾਕ ਵਿਕਾਸ ਪੰਚਾਇਤ ਅਫਸਰ (ਬੀ.ਡੀ.ਪੀ.ਓ) ਗੁਰਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਅੱਜ ਬਲਾਕ ਲੁਧਿਆਣਾ-2 ਅਧੀਨ ਪੈਂਦੇ ਪਿੰਡ ਸੇਲਕੀਆਣਾ ਵਿੱਚ 83 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ। ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅੱਜ ਸੇਲਕਿਆਣਾ ਪੁੱਜੇ ਜਿਨ੍ਹਾਂ ਪੰਚਾਇਤੀ ਜ਼ਮੀਨ ਟਰੈਕਟਰ ਨਾਲ ਵਾਹ ਕੇ ਇਹ ਸਾਰੀ ਜ਼ਮੀਨ ਸਰਕਾਰ ਦੇ ਸਪੁਰਦ ਕਰਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ।
ਵਿਧਾਇਕ ਮੁੰਡੀਆਂ ਨੇ ਦੱਸਿਆ ਕਿ ਬਲਾਕ ਲੁਧਿਆਣਾ-2 ’ਚ ਹੁਣ ਤੱਕ 185 ਏਕੜ ਜ਼ਮੀਨ ਛੁਡਵਾਈ ਜਾ ਚੁੱਕੀ ਹੈ। ਇਸ ਮੌਕੇ ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਹ ਪੰਚਾਇਤੀ ਜ਼ਮੀਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਡੀ.ਡੀ.ਪੀ.ਓ ਸੰਜੀਵ ਕੁਮਾਰ, ਪੰਚਾਇਤ ਅਫ਼ਸਰ ਹਰਪਾਲ ਸਿੰਘ, ਪੰਚਾਇਤ ਸਕੱਤਰ ਜਸ਼ਨਦੀਪ ਚੰਦੇਲ, ਪੰਚਾਇਤ ਸੰਮਤੀ ਪਟਵਾਰੀ ਬਲਜਿੰਦਰ ਸਿੰਘ ਅਤੇ ਸਰਪੰਚ ਦੇ ਨਾਲ ਸਮੂਹ ਗ੍ਰਾਮ ਪੰਚਾਇਤ ਪਿੰਡ ਸੇਲਕੀਆਣਾ ਦੇ ਸਹਿਯੋਗ ਨਾਲ ਕਬਜ਼ਾ ਮੁਕਤ ਕਰਵਾਈ ਗਈ ਹੈ।