ਗਗਨਦੀਪ ਅਰੋੜਾ
ਲੁਧਿਆਣਾ, 12 ਨਵੰਬਰ
ਨਰਸਾਂ ਦੀ ਹੜਤਾਲ ਦੇ ਪੰਜਵੇਂ ਦਿਨ ਅੱਜ ਦੇਰ ਸ਼ਾਮ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਉਨ੍ਹਾਂ 20 ਨਵੰਬਰ ਤਕ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਲਕੇ ਸ਼ਨਿੱਚਰਵਾਰ ਨੂੰ ਨਰਸਾਂ ਹਸਪਤਾਲ ਤੇ ਹੋਰਨਾਂ ਸਿਹਤ ਸੰਸਥਾਵਾਂ ’ਤੇ ਪਹਿਲਾਂ ਵਾਂਗ ਹੀ ਡਿਊਟੀ ਦੇਣਗੀਆਂ।
ਹੜਤਾਲ ਖ਼ਤਮ ਹੋਣ ਤੋਂ ਪਹਿਲਾਂ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੜਤਾਲ ਕਾਰਨ ਕਈ ਡਾਕਟਰ ਵੀ ਆਪਣੀ ਸੀਟ ’ਤੇ ਮੌਜੂਦ ਨਹੀਂ ਰਹੇ, ਜਿਸ ਕਾਰਨ ਮੈਡੀਕਲ ਚੈੱਕਅਪ ਕਰਵਾਉਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਆਈ। ‘ਮਦਰ ਐਂਡ ਚਾਈਲਡ’ ਵਾਰਡ ਵਿੱਚ ਭੀੜ ਕਾਰਨ ਗਰਭਵਤੀ ਔਰਤਾਂ ਨੂੰ ਘੰਟਿਆਂ ਤੱਕ ਕਤਾਰਾਂ ’ਚ ਖੜ੍ਹਨਾ ਪਇਆ। ਵੀਰਵਾਰ ਰਾਤ ਤੇ ਸ਼ੁੱਕਰਵਾਰ ਸਵੇਰੇ ਐਮਰਜੈਂਸੀ ਦੌਰਾਨ ਕੁੱਝ ਗਰਭਵਤੀ ਔਰਤਾਂ ਤੇ ਹੋਰ ਮਰੀਜ਼ਾਂ ਨੂੰ ਪਟਿਆਲਾ ਵੀ ਰੈਫ਼ਰ ਕੀਤਾ ਗਿਆ।
ਨਰਸਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਪੰਜ ਦਿਨ ਤੋਂ ਲਗਾਤਾਰ ਪਰੇਸ਼ਾਨ ਰਹੀ। ਸਭ ਤੋਂ ਵੱਧ ਪ੍ਰੇਸ਼ਾਨੀ ਮਰੀਜ਼ਾਂ ਨੂੰ ਟੈਸਟ ਕਰਵਾਉਣ ਵੇਲੇ ਭੁੱਗਤਣੀ ਪਵੇਗੀ। ਛਾਉਣੀ ਮੁਹੱਲੇ ਦੇ ਰਹਿਣ ਵਾਲੇ ਮੁਹੰਮਦ ਅੰਸਾਰੀ ਨੇ ਦੱਸਿਆ ਕਿ ਹੈ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦੀ ਲੜਕੀ ਸਜਨਾ ਖਾਤੂਨ ਸੱਤ ਮਹੀਨੇ ਦੀ ਗਰਭਵਤੀ ਹੈ। ਉਸ ਨੇ ਪਹਿਲਾਂ ਲੰਮੀਆਂ ਲਾਈਨਾਂ ’ਚ ਖੜ੍ਹ ਕੇ ਡਾਕਟਰਾਂ ਤੋਂ ਚੈੱਕਅਪ ਕਰਵਾਇਆ। ਫਿਰ ਡਾਕਟਰ ਨੇ ਕਿਹਾ ਕਿ ਖੂਨ ਦੀ ਕਮੀ ਹੈ, ਇਸ ਲਈ ਖੂਨ ਚੜ੍ਹਾਉਣਾ ਪਵੇਗਾ ਤੇ ਕੁਝ ਟੈਸਟ ਕਰਵਾਉਣੇ ਪੈਣਗੇ। ਪਿਛਲੇਂ ਚਾਰ ਦਿਨਾਂ ਤੋਂ ਉਹ ਲਗਾਤਾਰ ਹਸਪਤਾਲ ਦੇ ਚੱਕਰ ਲਾ ਰਹੇ ਹਨ ਪਰ ਨਾ ਉਨ੍ਹਾਂ ਦੀ ਲੜਕੀ ਦਾ ਟੈਸਟ ਹੋਇਆ ਤੇ ਨਾ ਹੀ ਖੂਨ ਮਿਲਿਆ ਹੈ।
ਇਸੇ ਤਰ੍ਹਾਂ ਸਰਕਾਰੀ ਹਸਪਤਾਲ ਆਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਪੰਜ ਮੈਂਬਰ ਹਨ ਅਤੇ ਪੰਜੇ ਦੇਖ ਨਹੀਂ ਸਕਦੇ। ਉਸ ਦੀ, ਉਸ ਦੇ ਭਰਾ ਦੀ ਅਤੇ ਐੱਨਜੀਓ ’ਚ ਰਹਿਣ ਵਾਲੇ ਹੋਰ ਨੌਜਵਾਨਾਂ ਦੀ ਨੌਕਰੀ ਲੱਗੀ ਹੈ, ਜਿਸ ਲਈ ਉਨ੍ਹਾਂ ਨੂੰ ਮੈਡੀਕਲ ਦੀ ਲੋੜ ਹੈ। ਹਸਪਤਾਲ ਵਿੱਚ ਹੜਤਾਲ ਕਾਰਨ ਉਨ੍ਹਾਂ ਦਾ ਮੈਡੀਕਲ ਨਹੀਂ ਹੋ ਸਕਿਆ।
20 ਨਵੰਬਰ ਤਕ ਦਾ ਅਲਟੀਮੇਟਮ ਦਿੱਤਾ
ਹੜਤਾਲ ’ਤੇ ਬੈਠੀਆਂ ਨਰਸਾਂ ਦੀ ਆਗੂ ਆਸ਼ਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਚੰਡੀਗੜ੍ਹ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ, ਜਿਨ੍ਹਾਂ ਨੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਹੜਤਾਲ ਖਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਪਰ ਜੇ 20 ਨਵੰਬਰ ਤਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੁਬਾਰਾ ਹੜਤਾਲ ਕੀਤੀ ਜਾਵੇਗੀ।