ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਨਵੰਬਰ
ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੀਆਂ ਸਰਕਾਰੀ ਹਸਪਤਾਲ ਦੀਆਂ ਨਰਸਾਂ ਚੌਥੇ ਦਿਨ ਵੀ ਹੜਤਾਲ ’ਤੇ ਰਹੀਆਂ। ਨਰਸ ਐਸੋਸੀਏਸ਼ਨ ਦੀ ਪ੍ਰਧਾਨ ਆਸ਼ਾ ਸਣੇ ਹੋਰ ਲੋਕ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਚੰਡੀਗੜ੍ਹ ’ਚ ਮੀਟਿੰਗ ’ਚ ਰਹੇ ਪਰ ਸਿਵਲ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਦੀਆਂ ਨਰਸਾਂ ਹੜਤਾਲ ’ਤੇ ਰਹੀਆਂ। ਉਨ੍ਹਾਂ ਨੇ ਆਪਣੇ ਕੰਮ-ਕਾਜ ਬੰਦ ਰੱਖੇ ਤੇ ਹਸਪਤਾਲ ਦੇ ਬਾਹਰ ਹੀ ਧਰਨਾ ਦਿੱਤਾ। ਨਰਸਾਂ ਨੇ ਲੇਬਰ ਰੂਮ ਦੇ ਨਾਲ ਨਾਲ ਵਾਰਡਾਂ ’ਚ ਵੀ ਕਿਸੇ ਨੂੰ ਆਪਣੀਆਂ ਸੇਵਾਵਾਂ ਨਹੀਂ ਦਿੱਤੀਆਂ। ਹਸਪਤਾਲ ’ਚ ਦੂਸਰੀ ਜਗ੍ਹਾ ਤੋਂ ਸਟਾਫ਼ ਮੰਗਵਾ ਕੇ ਕੰਮ ਜਾਰੀ ਰੱਖਿਆ ਗਿਆ ਪਰ ਫਿਰ ਵੀ ਹਸਪਤਾਲ ਪੁੱਜਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਰਸਾਂ ਨੇ ਚਿਤਾਵਨੀ ਦਿੱਤੀ ਹੋਈ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਕੰਮ ’ਤੇ ਵਾਪਸ ਨਹੀਂ ਆਉਣਗੀਆਂ। ਐਸੋਸੀਏਸ਼ਨ ਦੀ ਪ੍ਰਧਾਨ ਆਸ਼ਾ ਨੇ ਦੱਸਿਆ ਕਿ ਹਾਲੇ ਚੰਡੀਗੜ੍ਹ ’ਚ ਅਧਿਕਾਰੀਆਂ ਦੇ ਨਾਲ ਮੰਗਾਂ ਉਤੇ ਗੱਲਬਾਤ ਚੱਲ ਰਹੀ ਹੈ, ਮੰਗਾਂ ਮੰਨੇ ਜਾਣ ’ਤੇ ਹੀ ਹੜਤਾਲ ਖਤਮ ਕੀਤੀ ਜਾਵੇਗੀ।
ਨਰਸਾਂ ਨੇ ਮੰਗ ਕੀਤੀ ਹੈ ਕਿ ਛੇਵੇਂ ਪੇਅ ਕਮਿਸ਼ਨ ’ਚ ਉਨ੍ਹਾਂ ਦੀ ਗ੍ਰੇਡ ਪੇਅ 4600 ਤੋਂ ਘਟਾ ਕੇ 3200 ਕਰ ਦਿੱਤੀ ਗਈ ਹੈ, ਜੋ ਕਿ ਵਧਾਈ ਜਾਣੀ ਚਾਹੀਦੀ ਸੀ।