ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਦਸੰਬਰ
ਸਿਵਲ ਹਸਪਤਾਲ ਤੇ ਜ਼ੱਚਾ-ਬੱਚਾ ਹਸਪਤਾਲ ਦੀਆਂ ਸਟਾਫ਼ ਨਰਸਾਂ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਹੜਤਾਲ ’ਤੇ ਚਲੀਆਂ ਗਈਆਂ ਹਨ। ਆਪਣੀਆਂ ਮੰਗਾਂ ਸਬੰਧੀ ਪਾਇਲ, ਖੰਨਾ, ਸੁਧਾਰ ਤੇ ਸ਼ਹਿਰ ਦੀਆਂ ਕਰੀਬ 200 ਨਰਸਾਂ ਨੇ ਸਿਵਲ ਹਸਪਤਾਲ ’ਚ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਉਧਰ, ਸਟਾਫ਼ ਨਰਸਾਂ ਦੇ ਹੜਤਾਲ ’ਤੇ ਜਾਣ ਕਾਰਨ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਇੱਥੋਂ ਤੱਕ ਕਿ ਐਮਰਜੈਂਸੀ, ਲੇਬਰ ਰੂਮ, ਵਾਰਡ ਰੂਮ ’ਚ ਭਰਤੀ ਮਰੀਜ਼ਾਂ ਨੂੰ ਚੈੱਕ ਨਹੀਂ ਕੀਤਾ ਗਿਆ। ਦੁਪਹਿਰ ਬਾਅਦ ਠੇਕੇ ’ਤੇ ਭਰਤੀ ਸਟਾਫ਼ ਤੇ ਫਾਰਮੈਸੀ ਦੇ ਵਿਦਿਆਰਥੀਆਂ ਨੇ ਮਰੀਜ਼ਾਂ ਨੂੰ ਅਟੈਂਡ ਕੀਤਾ ਪਰ ਉਨ੍ਹਾਂ ਨੇ ਵੀ ਕਾਫ਼ੀ ਸਮੇਂ ਬਾਅਦ ਮਰੀਜ਼ਾਂ ਨੂੰ ਦੇਖਿਆ ਕਿਉਂਕਿ ਨਰਸਾਂ ਦੇ ਹੜਤਾਲ ’ਤੇ ਜਾਣ ਤੋਂ ਕੰਮ ਦਾ ਪ੍ਰੈਸ਼ਰ ਉਨ੍ਹਾਂ ’ਤੇ ਵੱਧ ਗਿਆ। ਠੇਕੇ ’ਤੇ ਰੱਖੇ ਇੱਕ-ਇੱਕ ਸਟਾਫ਼ ਨੇ 2-2 ਵਾਰਡਾਂ ’ਚ ਆਪਣੀਆਂ ਸੇਵਾਵਾਂ ਦਿੱਤੀਆਂ।
ਸਟਾਫ਼ ਨਰਸਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਸਿਵਲ ਹਸਪਤਾਲ ’ਚ ਭਰਤੀ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਧੋਪੁਰੀ ਵਾਸੀ ਨੀਲਮ ਨੇ ਦੱਸਿਆ ਕਿ ਉਹ ਪੱਥਰੀ ਦੀ ਪ੍ਰੇਸ਼ਾਨੀ ਕਾਰਨ ਭਰਤੀ ਹੈ। ਉਸ ਨੇ ਕਿਹਾ ਕਿ ਸਵੇਰੇ ਕੋਈ ਵੀ ਸਟਾਫ਼ ਮੈਂਬਰ ਚੈੱਕ ਕਰਨ ਨਹੀਂ ਆਇਆ। ਦੂਸਰੇ ਪਾਸੇ ਬਸਤੀ ਚੌਕ ਦੇ ਰਾਜ ਕੁਮਾਰ ਨੇ ਦੱਸਿਆ ਕਿ ਉਸਦਾ ਇੱਕ ਦਿਨ ਪਹਿਲਾਂ ਹੀ ਢਿੱਡ ਦਾ ਅਪਰੇਸ਼ਨ ਹੋਇਆ ਹੈ, ਉਸਨੂੰ ਵੀ ਅੱਜ ਕੋਈ ਚੈੱਕ ਕਰਨ ਦੇ ਲਈ ਨਹੀਂ ਆਇਆ।
ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਤੇ ਸਟਾਫ਼ ਨਰਸ ਆਸ਼ਾ ਰਾਣੀ ਨੇ ਕਿਹਾ ਕਿ ਸ਼ੁੱਕਰਵਾਰ ਵੀ ਹੜਤਾਲ ਜਾਰੀ ਰਹੇਗੀ। ਉਹ ਸਿਵਲ ਹਸਪਤਾਲ ’ਚ ਹੀ ਧਰਨਾ ਦੇਣਗੀਆਂ।
ਐੱਨਐੱਚਐੱਮ ਮੁਲਾਜ਼ਮਾਂ ਦੀ ਹੜਤਾਲ ਜਾਰੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਸਿਵਲ ਹਸਪਤਾਲ ਦੇ ਸਮੂਹ ਐੱਨ.ਐੱਚ.ਐੱਮ ਸਟਾਫ਼ ਵੱਲੋਂ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਵਿਰੁੱਧ ਅਣਮਿੱਥੇ ਸਮੇਂ ਲਈ ਆਰੰਭੀ ਹੜਤਾਲ 31ਵੇਂ ਦਿਨ ’ਚ ਦਾਖ਼ਲ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਆਗੂ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਸੂਬਾ ਪੱਧਰੀ ਹੜਤਾਲ ’ਚ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਜਿਵੇਂ ਕਿ ਆਰ.ਐੱਨ.ਟੀ.ਸੀ.ਪੀ, ਏਐੱਨਐੱਮ, ਸੀਐੱਚਓ, ਏਵਾਈਯੂਐੱਸਐੱਚ, ਕੰਪਿਊਟਰ ਅਪਰੇਟਰ ਮੁਕੰਮਲ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਐਕਟ ਵਿਚ ਐੱਨਐੱਚਐੱਮ ਸਟਾਫ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਡਾ. ਸੰਜਨਾ, ਜਸਵੀਰ ਸਿੰਘ, ਹਰਦੇਵ ਸਿੰਘ, ਰਾਜੀਵ ਸ਼ਰਮਾ, ਪਰਮਜੀਤ ਸਿੰਘ, ਸਤਿੰਦਰ ਸਿੰਘ, ਹਰਦੇਵ ਸਿੰਘ, ਰਾਜਵਿੰਦਰ ਕੌਰ, ਪਰਮਜੀਤ ਕੌਰ, ਰਾਜਵੰਤ ਕੌਰ, ਮੀਨੂੰ ਰਾਣੀ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।