ਗਗਨਦੀਪ ਅਰੋੜਾ
ਲੁਧਿਆਣਾ, 18 ਦਸੰਬਰ
ਮੰਗਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੀਆਂ ਸਿਵਲ ਹਸਪਤਾਲ ਦੀਆਂ ਸਟਾਫ਼ ਨਰਸਾਂ ਨੇ ਸ਼ਨਿੱਚਰਵਾਰ ਨੂੰ ਰੋਸ ਮਾਰਚ ਕੱਢਿਆ, ਸਿਵਲ ਹਸਪਤਾਲ ਤੋਂ ਸ਼ੁਰੂ ਹੋ ਕੇ ਜਗਰਾਉਂ ਪੁਲ ’ਤੇ ਸਮਾਪਤ ਹੋਇਆ। ਇਸ ਦੌਰਾਨ ਸਟਾਫ਼ ਨਰਸ ਐਸੋਸੀਏਸ਼ਨ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਮੰਗਾਂ ਨਾ ਮੰਨਣ ਤੱਕ ਅੰਦੋਲਨ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਜਗਰਾਉਂ ਪੁਲ ’ਤੇ ਨਰਸਾਂ ਨੇ ਟਰੈਫਿਕ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ। ਕੁਝ ਸਮਾਂ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲੀਸ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਭਰੋਸਾ ਦੇ ਕੇ ਉਨ੍ਹਾਂ ਦਾ ਧਰਨਾ ਖਤਮ ਕਰਵਾਇਆ।
ਸ਼ਨਿੱਚਰਵਾਰ ਦੀ ਸਵੇਰੇ ਸਿਵਲ ਹਸਪਤਾਲ ਤੋਂ ਸਟਾਫ਼ ਨਰਸਾਂ ਰੋਸ ਮਾਰਚ ਕਰਦੀਆਂ ਹੋਈਆਂ ਜਗਰਾਉਂ ਪੁਲ ਪੁੱਜੀਆਂ। ਫੀਲਡਗੰਜ ਤੋਂ ਹੁੰਦੀਆਂ ਇਨ੍ਹਾਂ ਨਰਸਾਂ ਨੇ ਜਗਰਾਉਂ ਪੁਲ ਪੁੱਜ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸਟਾਫ਼ ਨਰਸਾਂ ਨੇ ਦੱਸਿਆ ਕਿ ਕਰੋਨਾ ਕਾਲ ’ਚ ਸਾਰੀਆਂ ਸਟਾਫ਼ ਨਰਸਾਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਕੰਮ ਕਰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਹੁਣ ਕਾਫ਼ੀ ਸਮਾਂ ਹੋ ਚੁੱਕਿਆ ਹੈ ਭਰੋਸਾ ਦਿੰਦਿਆਂ ਨੂੰ ਪਰ ਹੁਣ ਉਹ ਆਪਣੀਆਂ ਮੰਗਾਂ ਮਨਵਾ ਕੇ ਹੀ ਮੰਨਣਗੀਆਂ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਅੰਦੋਲਨ ਹੋਰ ਵੀ ਤੇਜ਼ ਕੀਤਾ ਜਾਵੇਗਾ।
ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦਾ ਮੰਦਾ ਹਾਲ
ਸਿਵਲ ਹਸਪਤਾਲ ਦੀਆਂ ਸਾਰੀਆਂ ਸਟਾਫ਼ ਨਰਸਾਂ ਹੜਤਾਲ ’ਤੇ ਹੋਣ ਕਾਰਨ ਹਸਪਤਾਲ ਵਿੱਚ ਮਰੀਜ਼ਾਂ ਦਾ ਬੁਰਾ ਹਾਲ ਹੋ ਗਿਆ ਹੈ। ਹਸਪਤਾਲ ਵਿੱਚ ਹੁਣ ਸਿਖਲਾਈ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਹੜਤਾਲ ਕਾਰਨ ਸਾਰੇ ਹੀ ਕੰਮ ਪ੍ਰਭਾਵਿਤ ਹੋ ਰਹੇ ਹਨ। ਹਸਪਤਾਲ ਦੀ ਐਮਰਜੈਂਸੀ ਵਿੱਚ ਵੀ ਸਿਖਲਾਈ ਸਟਾਫ਼ ਹੀ ਡਾਕਟਰਾਂ ਦੇ ਨਾਲ ਕੰਮ ਕਰ ਰਿਹਾ ਹੈ।
ਮਰੀਜ਼ਾਂ ਨੂੰ ਕੀਤਾ ਜਾ ਰਿਹੈ ਪਟਿਆਲਾ ਰੇਫਰ
ਜ਼ੱਚਾ ਬੱਚਾ ਹਸਪਤਾਲ ਵਿੱਚ ਸਟਾਫ਼ ਨਰਸਾਂ ਨਾ ਹੋਣ ਕਾਰਨ ਜਿਨ੍ਹਾਂ ਵੀ ਗਰਭਵਤੀਆਂ ਦੇ ਅਪਰੇਸ਼ਨ ਹੋਣੇ ਹਨ, ਉਨ੍ਹਾਂ ਨੂੰ ਪਟਿਆਲਾ ਰੇਫ਼ਰ ਕੀਤਾ ਜਾ ਰਿਹਾ ਹੈ। ਇਸ ਕਰਕੇ ਜ਼ੱਚਾ ਬੱਚਾ ਹਸਪਤਾਲ ਵਿੱਚ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਵਿੱਚ ਡਲਿਵਰੀ ਲਈ ਆਏ ਸੰਜੈ ਕੁਮਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਡਾਕਟਰ ਨੇ ਬੁਲਾਇਆ ਸੀ ਪਰ ਸਟਾਫ਼ ਨਰਸਾਂ ਹੜਤਾਲ ’ਤੇ ਹੋਣ ਕਾਰਨ ਉਨ੍ਹਾਂ ਨੂੰ ਹੁਣ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਉਸਦਾ ਕਹਿਣਾ ਹੈ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਸਕੇ।
ਠੇਕਾ ਮੁਲਾਜ਼ਮਾਂ ਨੇ ਹਾਈਵੇਅ ਤੋਂ ਧਰਨਾ ਚੁੱਕਿਆ
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੇ ਪੱਕੇ ਰੁਜ਼ਗਾਰ ਦੇ ਪ੍ਰਬੰਧ ਕਰਨ ਦੀ ਮੰਗ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਪੰਜਾਬ ਦੇ ਬੈਨਰ ਹੇਠ ਠੇਕਾ ਕਾਮਿਆਂ ਨੇ ਅੰਮ੍ਰਿਤਸਰ-ਦਿੱਲੀ ਕੌਮੀ ਹਾਈਵੇਅ ਜਾਮ ਕਰਕੇ ਦੂਜੇ ਦਿਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਹਜ਼ਾਰਾਂ ਦੀ ਗਿਣਤੀ ’ਚ ਠੇਕਾ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਸਮੇਤ ਜੰਮ ਕੇ ਨਾਅਰੇਬਾਜ਼ੀ ਕੀਤੀ। ਠੇਕਾ ਕਾਮਿਆਂ ਦੀਆਂ ਔਰਤਾਂ ਨੇ ਬੱਚਿਆਂ ਸਮੇਤ ਠੰਢ ਵਿਚ ਪੂਰੀ ਰਾਤ ਧਰਨਾ ਦਿੱਤਾ। ਇਸ ਮੌਕੇ ਵਰਿੰਦਰ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ, ਸ਼ੇਰ ਸਿੰਘ, ਬਲਿਹਾਰ ਸਿੰਘ ਅਤੇ ਵਰਿੰਦਰ ਸਿੰਘ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦਾ ਮਸੀਹਾ ਪੇਸ਼ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ਼ ਦਿਖਾਵੇ ਦੇ ਆਮ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਠੰਢ ਵਿਚ ਰੁਲ ਰਹੇ ਕਾਮਿਆਂ ਦਾ ਦਰਦ ਨਹੀਂ ਦਿਖਾਈ ਦਿੰਦਾ। ਪੱਕੇ ਰੁਜ਼ਗਾਰ ਮੰਗਣ ਲਈ ਧਰਨੇ ਦੇ ਰਹੇ ਕਾਮਿਆਂ ’ਤੇ ਲਾਠੀਚਾਰਜ ਕਰਵਾਇਆ ਜਾ ਰਿਹਾ ਹੈ ਪਰ ਠੇਕਾ ਕਾਮੇ ਮੰਗਾਂ ਦੇ ਹੱਲ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ। ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਾਲ ਐੱਸਐੱਸਪੀ ਬਲਵਿੰਦਰ ਸਿੰਘ ਅਤੇ ਐੱਸਡੀਐੱਮ ਮਨਜੀਤ ਕੌਰ ਨੇ ਧਰਨੇ ’ਤੇ ਪੁੱਜ ਕੇ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਜਲਦ ਤੋਂ ਜਲਦ ਮੰਗਾਂ ਦੇ ਹੱਲ ਦਾ ਲਿਖਤੀ ਰੂਪ ਵਿਚ ਭਰੋਸਾ ਦਿੱਤਾ, ਇਸ ਉਪਰੰਤ ਮੁਲਾਜ਼ਮਾਂ ਨੇ ਧਰਨਾ ਮੁਲਤਵੀ ਕਰ ਦਿੱਤਾ। ਇਸ ਮੌਕੇ ਕੁਲਦੀਪ ਸਿੰਘ, ਮਹਿੰਦਰ ਸਿੰਘ, ਜਸਪ੍ਰੀਤ ਗਗਨ, ਸੁਰਿੰਦਰ ਕੁਮਾਰ, ਸਵਰਨਜੀਤ ਕੌਰ, ਪਵਨਦੀਪ ਸਿੰਘ ਆਦਿ ਹਾਜ਼ਰ ਸਨ।