ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਗਸਤ
ਸਨਅਤੀ ਸ਼ਹਿਰ ਵਿੱਚ ਬੇਲਗਾਮ ਘੁੰਮ ਰਹੇ ਈ-ਰਿਕਸ਼ਾ ਰੋਜ਼ਾਨਾ ਕਿਸੇ ਨਾ ਕਿਸੇ ਹਾਦਸਾ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਇਸ ਨੂੰ ਨਾਬਾਲਗ ਬੱਚੇ ਵੀ ਚਲਾ ਰਹੇ ਹਨ। ਈ-ਰਿਕਸ਼ਾ ਕਾਰਨ ਲੱਗਦੇ ਟਰੈਫਿਕ ਜਾਮ ਹਿਤ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਚਿੱਠੀ ਲਿਖੀ ਹੈ ਕਿ ਨਗਰ ਨਿਗਮ ਬਿਨਾਂ ਰਜਿਸ੍ਰਟੇਸ਼ਨ ਤੋਂ ਘੁੰਮ ਰਹੇ ਈ-ਰਿਕਸ਼ਾ ਵਾਲਿਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਕਰੇ, ਨਾਲ ਹੀ ਇਨ੍ਹਾਂ ਰਿਕਸ਼ਾ ਨੂੰ ਸਹੀ ਥਾਂ ’ਤੇ ਖੜ੍ਹਨ ਦਾ ਪ੍ਰਬੰਧ ਕਰੇ।
ਦੱਸ ਦਈਏ ਕਿ ਲੁਧਿਆਣਾ ਵਿੱਚ ਆਟੋ ਵਾਂਗ ਹੀ ਹਰ ਸੜਕ ’ਤੇ ਈ-ਰਿਕਸ਼ਿਆਂ ਦੀ ਭਰਮਾਰ ਹੈ। ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਇਸ ਨੂੰ ਕੋਈ ਵੀ ਲੈ ਰਿਹਾ ਹੈ ਤੇ ਬਿਨਾਂ ਲਾਇਸੈਂਸ ਤੋਂ ਸੜਕਾਂ ’ਤੇ ਦੌੜਾ ਰਿਹਾ ਹੈ। ਪੁਲੀਸ ਕਮਿਸ਼ਨਰ ਨੇ ਚਿੱਠੀ ਵਿੱਚ ਲਿਖਿਆ ਕਿ ਸ਼ਹਿਰ ਵਿੱਚ ਈ-ਰਿਕਸ਼ਾ ਕਰਕੇ ਟਰੈਫਿਕ ਜਾਮ ਲੱਗਦਾ ਹੈ, ਹਾਦਸੇ ਹੋ ਰਹੇ ਹਨ। ਉਨ੍ਹਾਂ ਨੇ ਪਿਛਲੀ ਮੀਟਿੰਗ ਵਿੱਚ ਚਰਚਾ ਕੀਤੀ ਸੀ ਕਿ ਸ਼ਹਿਰ ਵਿੱਚ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਘੁੰਮ ਰਹੇ ਈ-ਰਿਕਸ਼ਾ ਵਾਲਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨੀ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਪੁਲੀਸ, ਟਰੈਫਿਕ ਪੁਲੀਸ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਸਨ। ਜਿਸ ਵਿੱਚ ਚਰਚਾ ਕੀਤੀ ਗਈ ਸੀ ਜੇਕਰ ਸ਼ਹਿਰ ਵਿੱਚ ਟਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣਾ ਹੈ ਤਾਂ ਇਨ੍ਹਾਂ ਈ-ਰਿਕਸ਼ਾ ਵਾਲਿਆਂ ਨੂੰ ਖੜ੍ਹਾ ਕਰਨ ਦੇ ਲਈ ਪ੍ਰਬੰਧ ਕਰਨੇ ਪੈਣਗੇ। ਉਨ੍ਹਾਂ ਦੱਸਿਆ ਕਿ ਇਸ ਲਈ ਹੁਣ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖੀ ਗਈ ਹੈ ਕਿ ਉਹ ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਦਾ ਕੰਮ ਜਲਦ ਤੋਂ ਜਲਦ ਕਰਨ ਤਾਂ ਕਿ ਸ਼ਹਿਰ ਵਿੱਚ ਬਿਨਾਂ ਰਜਿਸਟ੍ਰੇਸ਼ਨ ਤੋਂ ਘੁੰਮ ਰਹੇ ਈ-ਰਿਕਸ਼ਾ ਨੂੰ ਨੰਬਰ ਲਗਾਏ ਜਾ ਸਕਣ।