ਡੀਪੀ ਐੱਸ ਬੱਤਰਾ
ਸਮਰਾਲਾ, 14 ਦਸੰਬਰ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਬੀਕੇਯੂ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਅੱਜ ਇਥੋਂ ਦੇ ਘੁਲਾਲ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਮੋਰਚੇ ਦੀ ਸਮਾਪਤੀ ਮੌਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ, ਸਰਕਾਰ ਦੀ ਟੌਲ ਪਲਾਜ਼ਿਆਂ ਦੇ ਰੇਟ ਵਿੱਚ ਵਾਧਾ ਕੀਤੇ ਜਾਣ ਦੀ ਤਵਜੀਜ਼ ਨੂੰ ਪੰਜਾਬ ਸਮੇਤ ਹੋਰ ਕਿਸੇ ਵੀ ਸੂਬੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਦਾ ਸਪਸ਼ਟ ਫੈਸਲਾ ਹੈ, ਕਿ ਲੋਕਾਂ ’ਤੇ ਬੋਝ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਵਿੱਚ 17 ਤਰੀਖ ਨੂੰ ਮੁੱਖ ਮੰਤਰੀ ਪੰਜਾਬ ਨਾਲ ਹੋ ਰਹੀ ਮੀਟਿੰਗ ਵਿੱਚ ਵੀ ਇਹ ਗੱਲ ਸਰਕਾਰ ਅੱਗੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਇੱਕਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਜਿੱਥੇ ਕਿਸਾਨਾਂ ਵੱਲੋਂ ਪਿਛਲੇ ਇੱਕ ਸਾਲ ਤੋਂ ਟੌਲ ਪਲਾਜ਼ੇ ਬੰਦ ਕੀਤੇ ਹੋਏ ਸਨ, ਉੱਥੇ ਵੀ ਰੇਟ ਨਹੀਂ ਵਧਣ ਦੇਣਗੀਆਂ। ਕਿਸਾਨ ਜਥੇਬੰਦੀਆਂ ਵੱਲੋਂ ਆਗਾਮੀਂ ਚੋਣਾਂ ਵਿੱਚ ਭਾਗ ਲੈਣ ਦੇ ਸਵਾਲ ’ਤੇ ਭਾਵੇ ਉਨ੍ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕੋਈ ਵੱਡਾ ਸਮਾਜਿਕ ਬਦਲਾਅ ਹੁੰਦਾ ਹੈ, ਤਾਂ ਉਸ ਵਿੱਚ ਉਹ ਭਾਗ ਜ਼ਰੂਰ ਲੈਣਗੇ। ਇਨ੍ਹਾਂ ਮੁੱਦਿਆਂ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਵਿੱਚ ਰਣਨੀਤੀ ਬਣਾਈ ਜਾਵੇਗੀ।
ਇਸੇ ਤਰ੍ਹਾਂ ਖੇਤੀ ਦੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਦਿੱਲੀ ਸੰਘਰਸ਼ ਤੋਂ ਘਰਾਂ ਨੂੰ ਪਰਤੇ ਕਿਸਾਨਾਂ ਦਾ ਅੱਜ ਇਥੇ ਜ਼ੋਰਦਾਰ ਸਵਾਗਤ ਕੀਤਾ ਗਿਆ। ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਦਿੱਲੀ ਸਰਹੱਦ ’ਤੇ ਡੱਟੇ ਹੋਏ ਇਨਾਂ ਕਿਸਾਨ ਜਥਿਆਂ ਦੇ ਇਥੇ ਪੁੱਜਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਅਤੇ ਇਲਾਕੇ ਦੀਆਂ ਪੰਚਾਇਤਾਂ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਜ਼ੋਰਦਾਰ ਸਵਾਗਤ ਕਰਦੇ ਹੋਏ ਉਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਨ੍ਹਾਂ ਜਥਿਆਂ ਵਿੱਚ ਪਿੰਡ ਲੱਲ ਕਲਾ, ਨੀਲੋਂ ਕਲਾਂ, ਪੂਨੀਆਂ, ਘੁਲਾਲ, ਕੋਟ ਗੰਗੂਰਾਏ, ਨੀਲੋਂ ਖੁਰਦ ਸਮੇਤ ਹੋਰ ਕਈ ਪਿੰਡਾਂ ਦੇ ਉਹ ਕਿਸਾਨ ਸ਼ਾਮਲ ਸਨ, ਜਿਹੜੇ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਹੀ ਡੱਟੇ ਹੋਏ ਸਨ। ਸੰਬੋਧਨ ਕਰਦਿਆ ਬੀਕੇਯੂ ਏਕਤਾ (ਸਿੱਧੂਪੁਰ) ਦੇ ਕਾਰਜਕਾਰੀ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਆਖਿਆ ਕਿ ਕਿਸਾਨਾਂ ਦੀ ਇਹ ਜਿੱਤ ਇੰਨੀ ਲਾਮਮਿਸਾਲ ਹੈ ਕਿ, ਪੂਰੀ ਦੁਨੀਆ ਵਿੱਚ ਇਸ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਜਾ ਰਹੇ ਹਨ।
ਰਾਏਕੋਟ(ਰਾਮ ਗੋਪਾਲ ਰਾਏਕੋਟੀ): ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਝੋਰੜਾਂ ਵਿੱਚ ਦਿੱਲੀ ਤੋਂ ਸੰਘਰਸ਼ ਜਿੱਤ ਕੇ ਪਿੰਡ ਆਏ ਆਏ ਯੋਧਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਨੇ ਦੱਸਿਆ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਲੜਾਈ ਸਮਾਜ ਦੇ ਸਾਰੇ ਵਰਗਾ ਦੇ ਸਹਿਯੋਗ ਨਾਲ ਜਿੱਤੀ ਗਈ ਹੈ ਤੇ ਇਹ ਆਖਰੀ ਜਿੱਤ ਨਹੀਂ। ਇਸ ਮੌਕੇ ਦਿੱਲੀ ਤੋਂ ਆਏ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਨੋਹਰ ਸਿੰਘ ਤੇ ਰਮਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਮੋਰਚੇ ਨੇ ਮੋਦੀ ਨੂੰ ਹਰਾਇਆ ਹੈ ਤੇ ਲੋਕਾਂ ਵਿਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਮੌਕੇ ਜਗਰੂਪ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਜਸਵਿੰਦਰ ਸਿੰਘ ਹੈਪੀ , ਸੁਖਜੀਤ ਸਿੰਘ, ਜੰਗਣ ਸਿੰਘ, ਹਰਵਿੰਦਰ ਸਿੰਘ , ਗੁਰਵਿੰਦਰ ਸਿੰਘ , ਕਾਲਾ , ਆਕਾਸ, ਭੁਪਿੰਦਰ ਸਿੰਘ, ਗੁਰਚਰਨ ਬਾਬਾ, ਬਸੰਤ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਦਰਸ਼ਨ ਸਿੰਘ, ਅੰਮ੍ਰਿਤਪਾਲ ਸਿੰਘ, ਰਾਜ ਸਿੰਘ ਤੇ ਪਾਲ ਸਿੰਘ ਆਦਿ ਹਾਜ਼ਰ ਸਨ।
ਖ਼ੁਸ਼ਕ ਬੰਦਰਗਾਹ ਸਾਹਮਣੇ ਜੇਤੂ ਰੈਲੀ ਅੱਜ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਜਾਰੀ ਪੱਕੇ ਮੋਰਚੇ ਵਿੱਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋਂ ਅਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਦਿੱਲੀ ਮੋਰਚੇ ਦੀ ਜਿੱਤ ਤੋਂ ਬਾਅਦ ਪੰਜਾਬ ਸਮੇਤ ਦੂਜੇ ਰਾਜਾਂ ਵਿਚ ਚੱਲਦੇ ਹੋਰ ਪੱਕੇ ਮੋਰਚਿਆਂ ਦੀ ਸਮਾਪਤੀ ਭਲ਼ਕੇ 15 ਦਸੰਬਰ ਨੂੰ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਮੋਰਚੇ ਦੀ ਸਮਾਪਤੀ ਮੌਕੇ ਜੇਤੂ ਰੈਲੀ ਨੂੰ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਸੰਬੋਧਨ ਕਰਨਗੇ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ, ਰਣਧੀਰ ਸਿੰਘ ਨੇ ਧਰਨਾਕਾਰੀਆਂ ਸੰਬੋਧਨ ਕਰਦਿਆਂ ਕਿਹਾ ਕਿ ਭਲ਼ਕੇ ਖ਼ੁਸ਼ਕ ਬੰਦਰਗਾਹ ਸਾਹਮਣੇ ਜੇਤੂ ਰੈਲੀ ਬਾਅਦ ਧਰਨਾ ਖ਼ਤਮ ਕੀਤਾ ਜਾਵੇਗਾ।
ਕਿਸਾਨ ਮੋਰਚੇ ਦੀ ਜਿੱਤ ਦੀ ਖੁਸ਼ੀ ’ਚ ਪਾਠ ਦੇ ਭੋਗ ਪਾਏ
ਮਾਛੀਵਾੜਾ(ਗੁਰਦੀਪ ਸਿੰਘ ਟੱਕਰ): ਨੇੜਲੇ ਪਿੰਡ ਰਾਈਆਂ ਵਿੱਚ ਦਿੱਲੀ ਕਿਸਾਨ ਅੰਦੋਲਨ ਜਿੱਤਣ ਦੀ ਖੁਸ਼ੀ ਵਿਚ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਅਰਦਾਸ ਵੀ ਕੀਤੀ ਗਈ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਕੂੰਮਕਲਾਂ, ਰਘਵੀਰ ਸਿੰਘ ਕੂੰਮਕਲਾਂ, ਗਿਆਨ ਸਿੰਘ ਮੰਡ, ਦਰਸ਼ਨ ਸਿੰਘ ਕੜਿਆਣਾ, ਗੁਰਦਿਆਲ ਸਿੰਘ ਝੂੰਗੀਆਂ, ਸਤਪਾਲ ਸਿੰਘ ਕਟਾਣੀ ਤੇ ਜਸਦੇਵ ਸਿੰਘ ਕਟਾਣੀ ਨੇ ਸ਼ਮੂਲੀਅਤ ਕੀਤੀ ਅਤੇ ਜਿਨ੍ਹਾਂ ਨੂੰ ਲਗਾਤਾਰ ਸਵਾ ਸਾਲ ਸਿੰਘੂ ਬਾਰਡਰ ’ਤੇ ਕਿਸਾਨੀ ਸੰਘਰਸ਼ ਕਰਨ ’ਤੇ ਪਿੰਡ ਵਾਸੀਆਂ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨੀ ਹਿੱਤਾਂ ਲਈ ਉਨ੍ਹਾਂ ਦੀ ਯੂਨੀਅਨ ਹਮੇਸ਼ਾ ਮੋਹਰੀ ਰੋਲ ਅਦਾ ਕਰੇਗੀ ਅਤੇ ਜੇਕਰ ਹੁਣ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਵਾਉਣ ਲਈ ਸੰਘਰਸ਼ ਵਿੱਢਣਾ ਪਿਆ ਤਾਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ।
ਜਗਰਾਉਂ ’ਚ ਸਨਮਾਨ ਸਮਾਗਮ ਅੱਜ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਕਿਸਾਨ ਮੋਰਚਾ ਫਤਿਹ ਕਰਨ ਦੀ ਖੁਸ਼ੀ ’ਚ ਸ਼ੁਕਰਾਨੇ ਵਜੋਂ ਅਖੰਡ ਪਾਠ ਦੇ ਭੋਗ ਪਾਏ ਗਏ। ਲੁਧਿਆਣਾ ਤੋਂ ਪਹੁੰਚੇ ਬੱਚਿਆਂ ਦੇ ਜਥੇ ਨੇ ਕੀਰਤਨ ਕੀਤਾ। ਧਾਰਮਿਕ ਸਮਾਗਮ ਉਪਰੰਤ ਕਿਸਾਨ ਕਾਨਫਰੰਸ ਹੋਈ, ਜਿਸ ’ਚ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਮਾ. ਆਤਮਾ ਸਿੰਘ ਬੋਪਾਰਾਏ, ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਰਣਜੀਤਿ ਸੰਘ ਸਿੱਧਵਾਂ, ਗੁਰਮਿੰਦਰ ਸਿੰਘ ਸੇਖੋਂ, ਅਜਮੇਰ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ ਆਦਿ ਨੇ ਕਿਹਾ ਕਿ ਪਹਿਲੀ ਅਕਤੂਬਰ 2020 ਤੋਂ ਚੱਲੇ ਚੌਕੀਮਾਨ ਟੌਲ ਮੋਰਚੇ ਨੇ ਇਸ ਘੋਲ ’ਚ ਬਣਦਾ ਯੋਗਦਾਨ ਪਾਇਆ ਜਿਸ ’ਚ ਇਲਾਕੇ ਦੇ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ। ਇਸੇ ਤਰ੍ਹਾਂ ਰੇਲਵੇ ਪਾਰਕ ਜਗਰਾਉਂ ’ਚ ਧਰਨਾ ਜਾਰੀ ਰਿਹਾ ਜਿਸ ’ਚ ਭਲਕੇ ਦੇ ਸਨਮਾਨ ਸਮਾਗਮ ਦੀ ਤਿਆਰੀ ਮੁਕੰਮਲ ਕੀਤੀ ਗਈ। ਭਲਕੇ ਇਥੇ ਕਿਸਾਨ ਘੋਲ ’ਚ ਨਿਰੰਤਰ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ, ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਭਲਕੇ ਸਾਢੇ 14 ਮਹੀਨੇ ਬਾਅਦ ਸਥਾਨਕ ਰੇਲਵੇ ਪਾਰਕ ’ਚ ਨਿਰੰਤਰ ਚਲਦਾ ਤੇ ਸ਼ਾਨਾਮੱਤਾ ਇਤਿਹਾਸ ਕਾਇਮ ਕਰ ਗਿਆ ਕਿਸਾਨ ਮਜ਼ਦੂਰ ਮੋਰਚਾ ਜਿੱਤ ਤੇ ਮੁਹੱਬਤ ਦੀਆਂ ਖੁਸ਼ਬੋਆਂ ਵੰਡਦਾ ਅਗਲੇ ਪੜਾਅ ਵੱਲ ਵਧੇਗਾ।