ਗਗਨਦੀਪ ਅਰੋੜਾ
ਲੁਧਿਆਣਾ, 30 ਅਕਤੂਬਰ
ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਪਿਤਾ ਦੇ ਖਿਲਾਫ਼ ਅਪਸ਼ਬਦ ਬੋਲਣ ਵਾਲੇ ਸਾਬਕਾ ਭਾਜਪਾ ਆਗੂ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜਿੱਥੇ ਸਿੱਖ ਜੱਥੇਬੰਦੀਆਂ ਸਮਰਾਲਾ ਚੌਕ ’ਚ ਧਰਨਾ ਲਾ ਕੇ ਬੈਠੀਆਂ ਹਨ। ਉਥੇ ਹੀ ਅੱਜ ਜਗਰਾਉਂ ਪੁਲ ’ਤੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਕੱਲੇ ਨਿਹੰਗ ਸਿੰਘ ਨੇ ਰਸਤਾ ਜਾਮ ਕਰ ਦਿੱਤਾ। ਉਹ ਜਿਵੇਂ ਹੀ ਜਗਰਾਉਂ ਪੁਲ ’ਤੇ ਪੁੱਜਿਆ ਤੇ ਉਸ ਨੇ ਸਾਈਡ ’ਤੇ ਪਏ ਬੈਰੀਕੇਡ ਸੜਕ ਦੇ ਵਿੱਚ ਵਿੱਚ ਲਾ ਦਿੱਤੇ। ਇਸ ਤੋਂ ਬਾਅਦ ਰਸਤਾ ਰੋਕ ਕੇ ਉਹ ਮੁਲਜ਼ਮ ਅਨਿਲ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਨ ਲੱਗਿਆ। ਸੂਚਨਾ ਮਿਲਦੇ ਹੀ ਪੁਲੀਸ ਦੇ ਉਚ ਅਧਿਕਾਰੀ ’ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਦੋਂ ਪੁਲੀਸ ਮੁਲਾਜ਼ਮਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ, ਉਹ ਪੁਲੀਸ ਨਾਲ ਭਿੜ ਗਿਆ। ਪੁਲੀਸ ਅਧਿਕਾਰੀਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੜਿਆ ਰਿਹਾ ਕਿ ਮੁਲਜ਼ਮ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਹੀ ਉਹ ਰਸਤਾ ਖੋਲ੍ਹੇਗਾ, ਪਰ ਅਧਿਕਾਰੀਆਂ ਵੱਲੋਂ ਵਾਰ-ਵਾਰ ਸਮਝਾਉਣ ਮਗਰੋਂ ਨਿਹੰਗ ਸਿੰਘ ਨੇ ਰਸਤਾ ਖੋਲ੍ਹ ਦਿੱਤਾ।
ਜਗਰਾਉਂ ਪੁਲ ’ਤੇ ਅੱਜ ਦੁਪਹਿਰ ਨੂੰ ਆਰਾਮ ਨਾਲ ਟਰੈਫਿਕ ਚੱਲ ਰਹੀ ਸੀ। ਇਸ ਦੌਰਾਨ ਨਿਹੰਗ ਸਿੰਘ ਹਰਪ੍ਰੀਤ ਸਿੰਘ, ਆਪਣੇ ਇੱਕ ਸਾਥੀ ਦੇ ਨਾਲ ਉਥੇ ਪੁੱਜਿਆ ਅਤੇ ਉਨ੍ਹਾਂ ਨੇ ਬਿਨਾਂ ਕੋਈ ਗੱਲ ਕੀਤੇ ਹੀ ਬੈਰੀਕੇਡ ਘਸੀਟ ਕੇ ਸੜਕ ਦੇ ਵਿਚਕਾਰ ਲਾ ਦਿੱਤੇ। ਨਿਹੰਗ ਨੌਜਵਾਨ ਦੁਆਰਾ ਰਸਤਾ ਰੋਕੇ ਜਾਣ ’ਤੇ ਪੁਲੀਸ ਮੁਲਾਜ਼ਮ ਉਸ ਦੇ ਕੋਲ ਪੁੱਜੇ ਤੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਉਹ ਨਹੀ ਮੰਨਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਛੇ ਦਿਨਾਂ ਤੋਂ ਅਨਿਲ ਅਰੋੜਾ ’ਤੇ ਕੇਸ ਦਰਜ ਹੈ, ਪਰ ਹਾਲੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲੀਸ ਪ੍ਰਸ਼ਾਸਨ ਰੋਜ਼ਾਨਾ ਕੋਈ ਨਵੀਂ ਕਹਾਣੀ ਬਣਾ ਰਿਹਾ ਹੈ ਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ। ਛੇ ਦਿਨਾਂ ਤੋਂ ਸਿੱਖ ਜੱਥੇਬੰਦੀਆਂ ਦੇ ਵੱਲੋਂ ਧਰਨਾ ਲਾਇਆ ਗਿਆ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਹਰਪ੍ਰੀਤ ਸਿੰਘ ਨੇ ਕਿਹਾ, ‘ਪੰਜਾਬ ਪੁਲੀਸ ਚਾਹੇ ਤਾਂ 7 ਸੁਮੰਦਰ ਪਾਰ ਤੋਂ ਵੀ ਮੁਲਜ਼ਮ ਨੂੰ ਘਸੀਟ ਕੇ ਲਿਆਏ, ਪਰ ਦੇਸ਼ ’ਚ ਹੀ ਵੱਖ-ਵੱਖ ਥਾਵਾਂ ’ਤੇ ਘੁੰਮ ਰਹੇ ਮੁਲਜ਼ਮ ਅਨਿਲ ਅਰੋੜਾ ਨੂੰ ਨਹੀਂ ਫੜ੍ਹ ਰਹੀ।’ ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮ ਅਨਿਲ ਅਰੋੜਾ ਕਾਬੂ ’ਚ ਨਹੀਂ ਆਉਂਦਾ, ਉਦੋਂ ਤੱਕ ਉਹ ਸ਼ਾਂਤ ਨਹੀਂ ਬੈਠਣਗੇ।