ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਦਸੰਬਰ
ਲੁਧਿਆਣਾ ਪੁਲੀਸ ਨੇ ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ’ਚ 3 ਨਵੰਬਰ ਨੂੰ ਹੋਏ ਕਤਲ ਮਾਮਲੇ ’ਚ ਪੁਲੀਸ ਨੇ ਮ੍ਰਿਤਕ ਦੇ ਭਰਾ ਸਣੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ। ਸਾਰੇ ਮੁਲਜ਼ਮਾਂ ਨੂੰ ਸ਼ਨਿੱਚਰਵਾਰ ਅਦਾਲਤ ’ਚ ਪੇਸ਼ ਕਰ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਸ਼ੋਕ ਕੁਮਾਰ, ਆਜ਼ਾਦ ਆਲਮ, ਪਵਨ ਕੁਮਾਰ ਤੇ ਮੋਨੂੰ ਵੱਜੋਂ ਹੋਈ ਹੈ ਇਸ ਸਬੰਧੀ ਜੁਆਇੰਟ ਪੁਲੀਸ ਕਮਿਸ਼ਨਰ ਭਾਗੀਰਥ ਮੀਣਾ ਨੇ ਦੱਸਿਆ ਕਿ ਮ੍ਰਿਤਕ ਰਾਜੂ ਦੀ ਪਤਨੀ ਦੇ ਆਪਣੇ ਦਿਉਰ ਨਾਲ ਨਾਜਾਇਜ਼ ਸਬੰਧ ਹਨ। ਮੁਲਜ਼ਮ ਅਸ਼ੋਕ ਕੁਮਾਰ ਨੇ ਖੁਲਾਸਾ ਕੀਤਾ ਕਿ ਰਾਜੂ ਨੂੰ ਰਸਤੇ ’ਚੋਂ ਹਟਾਉਣ ਲਈ ਉਸਨੇ ਆਜ਼ਾਦ ਆਲਮ ਅਤੇ ਪਵਨ ਕੁਮਾਰ ਨੂੰ 50 ਹਜ਼ਾਰ ਦੀ ਫਿਰੌਤੀ ਦਿੱਤੀ ਸੀ।