ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਦਸੰਬਰ
ਪਿਛਲੇ ਡੇਢ ਸਾਲ ਤੋਂ ਕਸਬਾ ਮੁੱਲਾਂਪੁਰ ਦੇ ਮੁਹੱਲਾ ਪ੍ਰੇਮ ਨਗਰ ਵਿਚ ਨਰਕ ਨਾਲੋਂ ਭੈੜੀ ਹਾਲਤ ਵਿਚ ਵੱਸਦੇ ਲੋਕਾਂ ਦੀ ਬੱਦਤਰ ਦਸ਼ਾ ਦਾ ਮੁਆਇਨਾ ਕਰਨ ਪੁੱਜੇ ਹਲਕਾ ਦਾਖਾ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੁਹੱਲਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ’ਤੇ ਹੀ ਐਲਾਨ ਕੀਤਾ ਕਿ ਜੇਕਰ ਇਸ ਮੁਹੱਲੇ ਦੀਆਂ ਗਲੀਆਂ ਦਾ ਕੰਮ ਇਕ ਹਫ਼ਤੇ ਵਿਚ ਸ਼ੁਰੂ ਨਾ ਹੋਇਆ ਤਾਂ ਉਹ ਪੱਲਿਓਂ ਪੈਸੇ ਖ਼ਰਚ ਕੇ ਖ਼ੁਦ ਕੰਮ ਸ਼ੁਰੂ ਕਰਵਾਉਣਗੇ। ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਨਗਰ ਕੌਂਸਲ ਅਤੇ ਕਾਂਗਰਸ ਸਰਕਾਰ ਦੀ ਵਿਤਕਰੇਬਾਜ਼ੀ ਕਾਰਨ ਮੁਹੱਲਾ ਪ੍ਰੇਮ ਨਗਰ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।
ਹਲਕਾ ਦਾਖਾ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਦੋਸ਼ ਲਾਇਆ ਕਿ ਮੁਹੱਲੇ ਦੀਆਂ ਗਲੀਆਂ ਵਿੱਚ ਗੰਦੇ ਪਾਣੀ ਅਤੇ ਗੰਦਗੀ ਕਾਰਨ ਚਾਰੇ ਪਾਸੇ ਚਿੱਕੜ ਫੈਲਿਆ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਸਰਕਾਰ ਸਮੇਂ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਸੀ ਅਤੇ ਮੁਹੱਲਾ ਪ੍ਰੇਮ ਨਗਰ ਦੀਆਂ ਗਲੀਆਂ-ਨਾਲੀਆਂ ਵਧੀਆ ਤਰੀਕੇ ਨਾਲ ਬਣਵਾਈਆਂ ਸਨ। ਉਨ੍ਹਾਂ ਨਗਰ ਕੌਂਸਲ ਮੁੱਲਾਂਪੁਰ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਗਲੀਆਂ ਬਣਾਉਣ ਲਈ ਕਿਹਾ। ਉਨ੍ਹਾਂ ਨਗਰ ਕੌਂਸਲ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਵੀ ਦਿੱਤਾ।