ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਅਪਰੈਲ
ਏਸ਼ੀਆ ਦੀ ਵੱਡੀ ਮੰਡੀ ਖੰਨਾ ’ਚ 22 ਅਪਰੈਲ ਤੱਕ ਕੁੱਲ 7.27.863 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ ਇਸ ਵਾਰ ਸਰਕਾਰੀ ਅਦਾਰਿਆਂ ਦੀ ਥਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਸਭ ਤੋਂ ਵਧੇਰੇ ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕਿ ਇਕ ਰਿਕਾਰਡ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਇਸ ਮੰਡੀ ਵਿੱਚ ਕੁੱਲ 11.36.563 ਕੁਇੰਟਲ ਕਣਕ ਪੁੱਜੀ ਸੀ ਪਰ ਇਸ ਵਾਰ ਕੁਦਰਤੀ ਆਫ਼ਤਾਂ ਕਾਰਨ ਕਣਕ ਦਾ ਝਾੜ ਘਟਿਆ ਹੈ। ਮੰਡੀ ਵਿੱਚ ਬੈਠੇ ਕਿਸਾਨ ਹਰਪ੍ਰੀਤ ਸਿੰਘ ਇਕੋਲਾਹੀ ਤੇ ਕਿਸਾਨ ਜਸਵੰਤ ਸਿੰਘ ਅਨੁਸਾਰ ਉਸਦਾ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਾਰ ਝਾੜ ਅੱਧਾ ਰਹਿ ਗਿਆ ਹੈ ਤੇ ਉਸਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਮਾਰਕੀਟ ਕਮੇਟੀ ਦੇ ਸਕੱਤਰ ਐੱਸਐੱਸ ਚੀਮਾ ਅਨੁਸਾਰ ਝਾੜ ਘਟਣ ਕਾਰਨ ਇਸ ਵਾਰ ਮੰਡੀ ਵਿੱਚ ਪਿਛਲੇ ਸਾਲ ਤੋਂ ਘੱਟ ਕਣਕ ਦੀ ਆਮਦ ਹੋਵੇਗੀ। ਕਿਸਾਨ ਰਾਜਪਾਲ ਸਿੰਘ, ਰਣਯੋਧ ਸਿੰਘ ਰੁਪਾਲੋਂ, ਜੀਤਾ ਸਿੰਘ ਈਸੜੂ ਆਦਿ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਤੁਰੰਤ ਆਰਥਿਕ ਮਦਦ ਦਿੱਤੀ ਜਾਵੇ। ਮੰਡੀ ਵਿੱਚ ਪੁੱਜੀ ਕਣਕ ਵਿੱਚੋਂ ਹੁਣ ਤੱਕ ਸਰਕਾਰੀ ਖ਼ਰੀਦ ਏਜੰਸੀਆਂ ਪਨਗ੍ਰੇਨ ਨੇ 67.104 ਕੁਇੰਟਲ, ਮਾਰਕਫੈੱਡ ਨੇ 66109 ਕੁਇੰਟਲ, ਪਨਸਪ ਨੇ 19792 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਨੇ 34779 ਕੁਇੰਟਲ ਅਤੇ ਐੱਫਸੀਆਈ ਨੇ 23423 ਕੁਇੰਟਲ ਦੀ ਖ਼ਰੀਦ ਕੀਤੀ ਹੈ ਜਦੋਂ ਕਿ ਪ੍ਰਾਈਵੇਟ ਅਦਾਰਿਆਂ ਨੇ ਕੁਝ ਵੱਧ ਭਾਅ ਲਾ ਕੇ 4.53.906 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਅਨੁਸਾਰ ਮੰਡੀ ਵਿੱਚ ਹੁਣ ਤੱਕ ਖ਼ਰੀਦੀ 82.62 ਫੀਸਦ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਜੋ ਕਿ ਇਕ ਰਿਕਾਰਡ ਹੈ।