ਸਤਵਿੰਦਰ ਬਸਰਾ
ਲੁਧਿਆਣਾ, 27 ਦਸੰਬਰ
ਕਿਸਾਨਾਂ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਥਾਲੀਆਂ ਅਤੇ ਨਗਾਰੇ ਆਦਿ ਵਜਾ ਕੇ ‘ਮਨ ਕੀ ਬਾਤ’ ਦਾ ਵਿਰੋਧ ਪ੍ਰਗਟ ਕੀਤਾ। ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਸੀ ‘‘ਜੇਕਰ ਕੇਂਦਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਤੋਂ ਕੀ ਲੈਣਾ ਹੈ।’’
ਜਮਹੂਰੀ ਕਿਸਾਨ ਸਭਾ ਵੱਲੋਂ ਖਾਲੀ ਥਾਲੀਆਂ ਅਤੇ ਨਗਾਰੇ ਵਜਾ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਸਤਵੰਤ ਸਿੰਘ ਗਰਚਾ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਗੁਰਚਰਨ ਸਿੰਘ, ਜਗਦੇਵ ਸਿੰਘ, ਨਿਰਮਲ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਠੰਢ ਵਿੱਚ ਸੰਘਰਸ਼ ਕਰ ਰਹੇ ਹਨ ਪਰ ਅਫਸੋਸ ਪ੍ਰਧਾਨ ਮੰਤਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨਾਂ ਕਿਹਾ ਕਿ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮਨ ਕੀ ਬਾਤ ਦਾ ਇਸੇ ਤਰ੍ਹਾਂ ਥਾਲੀਆਂ ਆਦਿ ਵਜਾ ਕੇ ਵਿਰੋਧ ਪ੍ਰਗਟਾਇਆ ਜਾਂਦਾ ਰਹੇਗਾ। ਇਸ ਮੌਕੇ ਡੀਐੱਮਐੱਫ ਵੱਲੋਂ ਰੁਪਿੰਦਰਪਾਲ ਸਿੰਘ ਗਿੱਲ, ਮਨਪ੍ਰੀਤ ਸਮਰਾਲਾ, ਰਾਜਿੰਦਰ ਜੰਡਿਆਲੀ, ਰਾਕੇਸ਼ ਪੁਹੀੜ ਅਤੇ ਰਮਨਜੀਤ ਸੰਧੂ ਨੇ ਵੀ ਸ਼ਮੂਲੀਅਤ ਕੀਤੀ। ਸਥਾਨਕ ਫਿਰੋਜ਼ਪੁਰ ਰੋਡ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਅੱਜ ਪੰਜ ਮੈਂਬਰ ਜਸਵੰਤ ਸਿੰਘ, ਭਰਪੂਰ ਸਿੰਘ, ਹਰਜੀਤ ਸਿੰਘ, ਕਰਮਜੀਤ ਸਿੰਘ, ਗੁਰਸਰਨ ਸਿੰਘ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦਾ ਥਾਲੀਆਂ ਵਜਾ ਕੇ ਵਿਰੋਧ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਕਈ ਥਾਵਾਂ ’ਤੇ ਵੀ ਮਨ ਕੀ ਬਾਤ ਦਾ ਥਾਲੀਆਂ ਅਤੇ ਹੋਰ ਕਈ ਚੀਜ਼ਾਂ ਖੜਕਾ ਕੇ ਰੋਸ ਪ੍ਰਗਟਾਇਆ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਤਹਿਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੌਰਾਨ ਲੋਕਾਂ ਨੂੰ ਥਾਲੀਆਂ ਖੜਕਾਉਣ ਦੇ ਦਿੱਤੇ ਸੱਦੇ ਅਧੀਨ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਥਾਲੀਆਂ ਖੜਕਾ ਕੇ ਮਨ ਕੀ ਬਾਤ ਦਾ ਵਿਰੋਧ ਕੀਤਾ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਆਗੂ ਹਰਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਦੁੱਗਰੀ ਨਹਿਰ ਦੇ ਪੁੱਲ ਤੇ ਇਕੱਤਰ ਹੋਏ ਵਰਕਰਾਂ ਨੇ ਥਾਲੀਆਂ ਖੜਕਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਸ੍ਰੀ ਕੋਹਲੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕਿਸਾਨ ਜਥੇਬੰਦੀਆਂ ਉਸ ਦੇ ਝਾਂਸੇ ਵਿੱਚ ਨਹੀਂ ਆਉਣਗੀਆਂ ਕਿਉਂਕਿ ਕਿਸਾਨਾਂ ਦਾ ਸੰਘਰਸ਼ ਸਚਾਈ ਦਾ ਸੰਘਰਸ਼ ਹੈ। ਇਸ ਮੌਕੇ ਮਨਜੀਤ ਸਿੰਘ ਚਾਵਲਾ, ਮਨਮੋਹਨ ਸਿੰਘ ਪੱਪੂ, ਗੁਰਦੀਪ ਸਿੰਘ ਕਾਲੜਾ, ਬਲਦੇਵ ਸਿੰਘ ਸਵੱਦੀ, ਅਤੇ ਅਮਨਦੀਪ ਸਿੰਘ ਕੋਹਲੀ ਆਦਿ ਵੀ ਹਾਜ਼ਰ ਸਨ।
ਸਮਰਾਲਾ (ਡੀਪੀਐੈੱਸ ਬੱਤਰਾ): ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ ਸਿਹਾਲਾ ਦੀ ਅਗਵਾਈ ਵਿੱਚ ‘ਮੋਦੀ ਦੀ ਮਨ ਕੀ ਬਾਤ’ ਪ੍ਰੋਗਰਾਮ ਖ਼ਿਲਾਫ਼ ਪ੍ਰਦਸ਼ਨ ਕੀਤਾ ਗਿਆ, ਜਿਸ ਵਿੱਚ ਸੜਕ ਕਿਨਾਰੇ ਖੜ੍ਹ ਕੇ ਥਾਲੀਆਂ ਅਤੇ ਕੌਲੀਆਂ ਖੜ੍ਹਕਾ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ, ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਲਈ ਚਾਹੇ ਸਾਲ ਭਰ ਵੀ ਸੜਕਾਂ ਉੱਤੇ ਕਿਉਂ ਬੈਠਣਾ ਪਵੇ। ਅੱਜ ਮੋਦੀ ਸਰਕਾਰ ਤੋਂ ਕੇਵਲ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਦੁਖੀ ਹੈ। ਇਸ ਪ੍ਰਦਰਸ਼ਨ ਵਿੱਚ ਇੰਦਰਜੀਤ ਸਿੰਘ ਕੰਗ, ਜੁਆਲਾ ਸਿੰਘ ਥਿੰਦ, ਬਿੱਟੂ ਬੇਦੀ, ਵਿੱਕੀ ਤਿਵਾੜੀ, ਜਸਮੇਲ ਸਿੰਘ ਢੀਂਡਸਾ, ਕਹਾਣੀਕਾਰ ਸੰਦੀਪ ਸਮਰਾਲਾ, ਕੁਲਵਿੰਦਰ ਸਿੰਘ ਕਾਲਾ ਸਿਹਾਲਾ, ਅਨੂਪ ਸਿੰਘ ਰਾਜਾ, ਮੋਹਿਤ ਸ਼ਰਮਾ ਆਦਿ ਹਾਜ਼ਰ ਸਨ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸਥਾਨਕ ਬੱਸ ਅੱਡੇ ਦੇ ਬਾਹਰ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਭਾਂਡੇ ਖੜਕਾ ਰਹੇ ਬਲਵਿੰਦਰ ਸ਼ਰਮਾ ਅਤੇ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਨਾ ਲੈਣ ਕਾਰਨ ਹਰੇਕ ਪੰਜਾਬੀ ਦੇ ਮਨ ਵਿੱਚ ਕੇਂਦਰ ਸਰਕਾਰ ਪ੍ਰਤੀ ਕਾਫੀ ਰੋਸ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਵੇਗੀ ਤਦ ਤੱਕ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।
ਇਸੇ ਤਰ੍ਹਾਂ ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿੱਚ ਸਰਪੰਚ ਭੁਪਿੰਦਰ ਕੌਰ ਅਤੇ ਯੂਥ ਆਗੂ ਪ੍ਰਦੀਪ ਸਿੰਘ ਗਰੇਵਾਲ ਦੀ ਅਗਵਾਈ ’ਚ ਪਿੰਡ ਵਾਸੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਭਾਂਡੇ ਖੜਕਾਏ ਗਏ। ਇਸ ਮੌਕੇ ਪੂਰਨ ਸਿੰਘ ਸਪਰਾ, ਜਗਸੀਰ ਸਿੰਘ ਰਾਏ, ਗੁਰਦੀਪ ਸਿੰਘ ਕਾਲੂ, ਬਲਜੀਤ ਸਿੰਘ ਦਿਉਲ, ਕੁਲਦੀਪ ਸਿੰਘ, ਜਗਦੇਵ ਸਿੰਘ, ਨਰਵੀਰ ਸਿੰਘ, ਨਿਸ਼ਾਨ ਗਰੇਵਾਲ, ਨਿੱਕਾ ਗਰੇਵਾਲ, ਦਿਲਾਵਰ ਗਰੇਵਾਲ, ਅਨਮੋਲ ਸਿੰਘ, ਗੋਪੀ ਭੰਵਰ, ਸੋਨੀ ਗਰੇਵਾਲ, ਖੁਸ਼ਪ੍ਰੀਤ ਸਿੰਘ, ਗੁਲਾਬ ਭੰਵਰ ਆਦਿ ਹਾਜ਼ਰ ਸਨ।
ਸੰਗਰਾਮੀ ਗੀਤਾਂ ਤੇ ਪੇਂਟਿੰਗਾਂ ਰਾਹੀਂ ‘ਮਨ ਕੀ ਬਾਤ’ ਦਾ ਵਿਰੋਧ
ਪਾਇਲ(ਦੇਵਿੰਦਰ ਸਿੰਘ ਜੱਗੀ): ਨੌਜਵਾਨ ਭਾਰਤ ਸਭਾ ਦੇ ਕਾਰਕੁਨ ਸੈਰੀ ਸਿਹੌੜਾ ਤੇ ਅਵਾਮੀਂ ਰੰਗਮੰਚ ਦੇ ਆਗੂ ਪਾਵੇਲ ਸਿਹੌੜਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਅੰਦੋਲਨ ਮੋਦੀ ਹਕੂਮਤ ਦੇ ਖ਼ਿਲਾਫ਼ ਲੋਕਾਂ ਦੀ ਜਮਹੂਰੀ ਲਹਿਰ ਵਜੋਂ ਸਾਬਿਤ ਹੋਇਆ ਹੈ। ਕਿਸਾਨਾਂ, ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਦੀ ਸੋਧਾਂ ਕਰਨ ਦੀ ਗੱਲ ਨੂੰ ਨਕਾਰਦੇ ਹੋਏ ‘ਤਿੰਨੋਂ ਬਿੱਲ ਚਕਨਾ ਚੂਰ , ਇਸ ਤੋਂ ਘੱਟ ਕੁੱਝ ਨਾ ਮਨਜ਼ੂਰ’ ਨਾਅਰੇ ’ਤੇ ਜ਼ੋਰ ਦਿੱਤਾ ਹੋਇਆ ਹੈ। ਸਰਕਾਰ ਦੇ ਇਹ ਕਦਮ ਖੇਤੀ ਖ਼ੇਤਰ ਅੰਦਰ ਸਾਮਰਾਜੀ ਲੁੱਟ ਦੇ ਪੱਖ ਨੂੰ ਹੋਰ ਤੇਜ਼ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਕਰਨ ਦੇ ਵਿਰੋਧ ਵਿੱਚ ਅਵਾਮੀਂ ਰੰਗਮੰਚ (ਪਲਸ ਮੰਚ) ਸਿਹੌੜਾ ਵੱਲੋਂ ਸੰਗਰਾਮੀਂ ਗੀਤ ਤੋਂ ਇਲਾਵਾ ਨੌਜਵਾਨ ਗੁਰਪ੍ਰੀਤ ਸਿੰਘ ਭੱਟੀਆਂ ਇੰਟਰ ਨੈਸ਼ਨਲ ਕਲਾਕਾਰ, ਗੁਰਇਕਬਾਲ ਸਿੰਘ ਧੂਲਕੋਟ, ਪ੍ਰਭਜੋਤ ਸਿੰਘ ਪੋਹੀੜ, ਗਗਨਦੀਪ ਸਿੰਘ ਫਲੌਂਡ, ਮਹਿਕਪ੍ਰੀਤ ਕੌਰ ਸਿਹੌੜਾ ਆਦਿ ਕਲਾਕਾਰਾਂ ਵੱਲੋਂ ਲਾਈਵ ਪੇਂਟਿੰਗ ਕਲਾ ਰਾਹੀਂ ਮੋਦੀ ਹਕੂਮਤ ਦੇ ਵਿਰੋਧ ਵਿੱਚ ਅਤੇ ਕਿਸਾਨਾਂ, ਮਜ਼ਦੂਰਾਂ ਦੇ ਹੱਕ ਵਿੱਚ ਪੇਂਟਿੰਗਾਂ ਬਣਾਈਆਂ ਗਈਆਂ ਅਤੇ ਲੋਕਾਂ ਵੱਲੋਂ ਰੋਹ ’ਚ ਆ ਕੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਗਦੀਪ ਕੌਰ ਖੰਨਾ, ਲੋਕ ਹਿੱਤ ਮੰਚ ਦੇ ਆਗੂ ਟੋਨੀ ਖੱਟੜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਇਨਕਲਾਬੀ ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਨੌਜਵਾਨਾਂ ਵੱਲੋਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਪਸੀ ਸਾਂਝ ਨੂੰ ਬਿਆਨ ਕਰਦੀ ‘ਸੀਰੀ’ ਫ਼ਿਲਮ ਵੀ ਦਿਖਾਈ ਗਈ। ਇਸ ਮੌਕੇ ਕੁਲਦੀਪ ਸਿੰਘ, ਮਨਪ੍ਰੀਤ ਗੋਰਾ, ਮੋਨੂੰ , ਗੁਰਸ਼ਰਨ ,ਪ੍ਰੀਤ, ਪ੍ਰਿਤਪਾਲ, ਸਨੀ, ਕਾਲਾ, ਰਾਜੂ ਆਦਿ ਹਾਜ਼ਰ ਸਨ। ਸਟੇਜ ਦੀ ਭੂਮਿਕਾ ਪਾਵੇਲ ਸਿਹੌੜਾ ਅਤੇ ਜਸਕੀਰਤ ਸਿਹੌੜਾ ਵੱਲੋਂ ਬਾਖੂਬੀ ਨਿਭਾਈ ਗਈ।