ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਕਤੂਬਰ
ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਚੌਕਸੀ ਅਤੇ ਸਖ਼ਤੀ ਦੇ ਬਾਵਜੂਦ ਹਵਾਲਾਤੀਆਂ ਅਤੇ ਕੈਦੀਆਂ ਤੋਂ ਲਗਾਤਾਰ ਮੋਬਾਈਲ ਫੋਨ ਮਿਲ ਰਹੇ ਹਨ। ਜੇਲ੍ਹ ਅਧਿਕਾਰੀਆਂ ਨੇ ਪਿਛਲੇ ਦੋ ਦਿਨਾਂ ਵਿੱਚ ਤਲਾਸ਼ੀ ਦੌਰਾਨ 15 ਮੋਬਾਈਲ ਬਰਾਮਦ ਹੋਏ ਹਨ।
ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੂਰਜ ਮੱਲ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਹਵਾਲਾਤੀਆਂ ਪਿਊਸ਼ ਅਰੋੜਾ ਅਤੇ ਅਕਾਸ਼ ਮਿਸ਼ਰਾ ਕੋਲੋਂ ਕੁੱਲ ਤਿੰਨ ਮੋਬਾਈਲ ਮਾਰਕਾ ਰੈਡਮੀ ਅਤੇ ਸੈਮਸੰਗ ਸਮੇਤ ਸਿੰਮ ਅਤੇ ਬੈਟਰੀ ਮਿਲੇ ਹਨ। ਇਸੇ ਤਰ੍ਹਾਂ ਗਗਨਦੀਪ ਸ਼ਰਮਾ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਲਾਵਾਰਿਸ ਹਾਲਤ ਵਿੱਚ ਕੁੱਲ 4 ਮੋਬਾਈਲ ਮਾਰਕਾ ਰੈਡਮੀ ਅਤੇ ਸੈਮਸੰਗ ਸਮੇਤ ਦੋ ਸਿਮ ਮਿਲੇ ਹਨ। ਇੱਕ ਹੋਰ ਮਾਮਲੇ ਵਿੱਚ ਕੁਲਦੀਪ ਸਿੰਘ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਕੈਦੀਆਂ ਕੁਲਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਕੋਲੋਂ ਦੋ ਮੋਬਾਈਲ ਫੋਨ ਮਾਰਕਾ ਹੀਰੋ ਸਮੇਤ ਬੈਟਰੀ ਤੇ ਸਿਮ, ਜਦਕਿ ਇੱਕ ਚਾਰਜਰ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ।
ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਤਿੰਨ ਲਾਵਾਰਿਸ ਮੋਬਾਈਲ ਫੋਨ ਮਾਰਕਾ ਸੈਮਸੰਗ ਰੰਗ ਨੀਲਾ ਤੇ ਚਿੱਟਾ ਸਮੇਤ ਬੈਟਰੀ ਮਿਲੇ ਹਨ। ਸਰੂਪ ਚੰਦ ਸਹਾਇਕ ਸੂਪਰਡੈਂਟ ਨੇ ਦੱਸਿਆ ਹੈ ਕਿ ਹਵਾਲਾਤੀ ਅਮਨਜੋਤ ਸਿੰਘ, ਹਰਮੇਸ਼ ਅਤੇ ਹਰਪ੍ਰੀਤ ਸਿੰਘ ਕੋਲੋਂ ਕੁੱਲ ਤਿੰਨ ਕੀਪੈਡ ਮੋਬਾਈਲ ਫੋਨ ਮਾਰਕਾਸੈਮਸੰਗ ਅਤੇ ਨੋਕੀਆ ਸਮੇਤ ਬੈਟਰੀ ਤੇ ਸਿਮ ਮਿਲੇ ਹਨ। ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।