ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਅਕਤੂਬਰ
ਨੇੜਲੇ ਪਿੰਡ ਹਰਿਉਂ ਕਲਾਂ ਵਿੱਚ ਮਜ਼ਦੂਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਪਿੰਡ ਵਿੱਚ ਗਲੀਆਂ ਤੇ ਸੀਵਰੇਜ ਪਾਉਣ ਸਮੇਂ ਕੀਤੇ ਕੰਮ ਦੀ ਅਦਾਇਗੀ ਅਤੇ ਪਿੰਡ ਵਿੱਚ ਮਨਰੇਗਾ ਤਹਿਤ ਪੂਰੇ 100 ਦਿਨ ਕੰਮ ਲੈਣ ਲਈ ਬੀਡੀਪੀਓ ਖੰਨਾ ਦੇ ਨਾਂ ਮੰਗ ਪੱਤਰ ਏਪੀਓ ਪ੍ਰਿਤਪਾਲ ਕੌਰ ਨੂੰ ਸੌਂਪਿਆ ਗਿਆ। ਮਨਰੇਗਾ ਮਜ਼ਦੂਰਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਨਵਰੀ-ਫਰਵਰੀ ਮਹੀਨਿਆਂ ਦੌਰਾਨ ਪਿੰਡ ਵਿਚ ਸੀਵਰੇਜ ਪਾਉਣ, ਗਲੀਆਂ ਤੇ ਧਰਮਸ਼ਾਲਾਵਾਂ ਵਿਚ ਟਾਈਲਾਂ ਲਾਉਣ ਸਮੇਂ ਮਨਰੇਗਾ ਮਜ਼ਦੂਰਾਂ ਤੋਂ ਮਜ਼ਦੂਰੀ ਕਰਵਾਈ ਗਈ ਸੀ ਪਰ ਹੁਣ ਤੱਕ ਇਸ ਕੰਮ ਦੀ ਕੋਈ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਹੁਣ ਕਈ ਮਹੀਨਿਆਂ ਤੋਂ ਮਨਰੇਗਾ ਤਹਿਤ ਕੋਈ ਕੰਮ ਨਹੀਂ ਚਲਾਇਆ ਜਾ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਯੋਜਨਾ ਤਹਿਤ ਪੂਰੇ 100 ਦਿਨ ਕੰਮ ਕੀਤਾ ਦਿੱਤਾ ਜਾਵੇ। ਯੂਨੀਅਨ ਪ੍ਰਧਾਨ ਮਲਕੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੇ ਰਹਿੰਦੇ ਬਕਾਏ ਜਲਦ ਨਾ ਦਿੱਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ। ਇਸ ਮੌਕੇ ਦਲਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ, ਸਿੰਦਰ ਕੌਰ, ਲਖਵਿੰਦਰ ਕੌਰ, ਕੁਲਵੰਤ ਕੌਰ, ਕਮਲ ਆਦਿ ਹਾਜ਼ਰ ਸਨ।