ਗੁਰਿੰਦਰ ਸਿੰਘ
ਲੁਧਿਆਣਾ, 7 ਮਈ
ਰੇਲਵੇ ਚਾਈਲਡ ਲਾਈਨ-1098 ਦੀ ਟੀਮ ਨੇ ਰੇਲਵੇ ਸਟੇਸ਼ਨ ਤੋਂ ਇੱਕ ਲੜਕਾ-ਲੜਕੀ ਨੂੰ ਕਾਬੂ ਕੀਤਾ ਹੈ ਜੋ ਖੁਦ ਨੂੰ ਸਕੇ ਭੈਣ ਭਰਾ ਦੱਸ ਕੇ ਅੰਮ੍ਰਿਤਸਰ ਜਾਣ ਲਈ ਮਦਦ ਮੰਗ ਕਰ ਰਹੇ ਸਨ। ਉਹ ਅਸਲ ’ਚ ਮਾਮਾ-ਭੂਆ ਦੇ ਬੱਚੇ ਹਨ ਅਤੇ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਸਨ।ਚਾਈਲਡ ਲਾਈਨ ਨੂੰ ਮਾਮਲਾ ਸ਼ੱਕੀ ਲੱਗਿਆ ਤੇ ਉਨ੍ਹਾਂ ਜਦੋਂ ਲੜਕੇ ਦੇ ਪਿਤਾ ਨਾਲ ਸੰਪਰਕ ਕੀਤਾ ਤਾਂ ਸਾਰੀ ਸਚਾਈ ਸਾਹਮਣੇ ਆਈ। ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ ਨੇ ਦੱਸਿਆ ਕਿ ਲੜਕੇ ਦਾ ਪਿਤਾ, ਚਾਚਾ ਅਤੇ ਚਾਚੀ ਭਾਵੇਂ ਤੁਰੰਤ ਚਾਇਲਡ ਲਾਇਨ ਦਫ਼ਤਰ ਪੁੱਜ ਗਏ ਸਨ ਅਤੇ ਉਨ੍ਹਾਂ ਦੇ ਬਿਆਨ ਨਾ ਮਿਲਣ ਦੀ ਸੂਰਤ ’ਚ ਜਦੋਂ ਉਨ੍ਹਾਂ ਪਾਸੋਂ ਲੜਕੀ ਦੇ ਮਾਪਿਆਂ ਦਾ ਸੰਪਰਕ ਨੰਬਰ ਲੈਣਾ ਚਾਹਿਆ ਤਾਂ ਉਨ੍ਹਾਂ ਚਾਈਲਡ ਲਾਈਨ ਨੂੰ ਗਲਤ ਨੰਬਰ ਦੱਸਿਆ। ਦੂਜੇ ਪਾਸੇ ਚਾਇਲਡ ਲਾਇਨ ਨੇ ਬਠਿੰਡਾ ਪੁਲੀਸ ਰਾਹੀਂਂ ਲੜਕੀ ਦੇ ਮਾਪਿਆਂ ਤੱਕ ਪਹੁੰਚ ਕੀਤੀ ਜਿੱਥੇ ਲੜਕੀ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਰਜ ਕੀਤੀ ਹੋਈ ਹੈ। ਆਖਰ ’ਚ ਇਹ ਸਾਹਮਣੇ ਆਇਆ ਕਿ ਲੜਕਾ-ਲੜਕੀ ਆਪਸ ’ਚ ਵਿਆਹ ਕਰਵਾਉਣ ਦੇ ਚੱਕਰ ’ਚ ਹੀ ਘਰ ਤੋਂ ਭੱਜੇ ਸਨ ਅਤੇ ਵਿਆਹ ਤੋਂ ਪਹਿਲਾਂ ਕੰਮ ਦੀ ਤਲਾਸ਼ ’ਚ ਅੰਮ੍ਰਿਤਸਰ ਜਾਣ ਲਈ ਲੋੜੀਂਦੀਆਂ ਰੇਲਵੇ ਟਿਕਟਾਂ ਦੀ ਅਦਾਇਗੀ ਚਾਇਲਡ ਲਾਈਨ-1098 ਪਾਸੋਂ ਕਰਵਾਉਣੀ ਚਾਹੁੰਦੇ ਸਨ।
ਥਾਣਾ ਜੀਆਰਪੀ ਦੀ ਪੁਲੀਸ ਨੇ ਲੜਕੀ ਨੂੰ ਜਨਰਲ ਮੈਡੀਕਲ ਤੇ ਕਰੋਨਾ ਟੈਸਟ ਕਰਵਾਉਣ ਉਪਰੰਤ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਅਸਥਾਈ ਤੌਰ ’ਤੇ ਭੇਜ ਦਿੱਤਾ ਹੈ। ਇਸ ਮੌਕੇ ਟੀਮ ਮੈਂਬਰ ਮਨਜੀਤ ਕੁਮਾਰ, ਪ੍ਰਭਲੀਨ ਸਿੰਘ ਦੇਹੜ, ਨਵਦੀਪ ਕੌਰ, ਕੁਲਵੀਰ ਸਿੰਘ ਆਦਿ ਵੀ ਹਾਜ਼ਰ ਸਨ।