ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਮਈ
ਜਗਰਾਉਂ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚਲੀਆ ਗਰੀਬ ਬਸਤੀਆਂ ’ਚ ਚਿੱਟੇ ਸਮੇਤ ਹੋਰ ਨਸ਼ਿਆ ਦੀ ਪੂਰੀ ਭਰਮਾਰ ਹੈ। ਇਹ ਪ੍ਰਗਟਾਵਾ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਨੇ ਇਥੇ ਇਕੱਤਰਤਾ ਸਮੇਂ ਕੀਤਾ। ਇਸ ਸਮੇਂ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣ ਦਾ ਫ਼ੈਸਲਾ ਲਿਆ ਗਿਆ ਜਿਸ ’ਚ ਨਸ਼ਾ ਤਸਕਰਾਂ ਨੂੰ ਜੇਲ੍ਹਾਂ ’ਚ ਸੁੱਟਣ ਦੀ ਮੰਗ ਕੀਤੀ ਜਾਵੇਗੀ। ਪ੍ਰਧਾਨ ਮਦਨ ਸਿੰਘ ਨੇ ਸਰਕਾਰਾਂ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਸਕੱਤਰ ਜਸਵਿੰਦਰ ਸਿੰਘ ਭਮਾਲ, ਕਰਨੈਲ ਸਿੰਘ ਭੋਲਾ, ਹੀਰਾ ਲਾਲ, ਬਲਦੇਵ ਸਿੰਘ ਫੌਜੀ, ਰਣਜੀਤ ਸਿੰਘ ਮੌਂਟੀ ਨੇ ਡੇਰਾ ਬੱਸੀ ਲਾਗੇ ਸੁੰਢਰਾ ਪਿੰਡ ’ਚ ਗੁੰਡਾ ਅਨਸਰਾਂ ਵਲੋਂ ਝੁੱਗੀਆਂ ਨੂੰ ਅੱਗ ਲਗਾਉਣ ਨਾਲ ਮਾਰੀ ਗਈ ਸੱਤ ਸਾਲਾ ਬੱਚੀ ਰੁਪਾਲੀ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੀਆਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਰਿਕਾਰਡ ਬਣਾ ਰਹੀ ਮਹਿੰਗਾਈ ਖ਼ਿਲਾਫ਼ ਪਿੰਡ ਪਿੰਡ ਜਾਗਰੂਕਤਾ ਮੁਹਿੰਮ ਛੇੜੀ ਜਾਵੇਗੀ। ਇਲਾਕੇ ਦੀਆਂ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਮਹਿੰਗਾਈ ਨੂੰ ਨੱਥ ਪਾਉਣ ਦੀ ਹਕੂਮਤ ਤੋਂ ਮੰਗ ਕਰਦਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।