ਪੱਤਰ ਪ੍ਰੇਰਕ
ਮਾਛੀਵਾੜਾ, 12 ਅਕਤੂਬਰ
ਸਥਾਨਕ ਦਾਣਾ ਮੰਡੀ ਦੇ ਆੜ੍ਹਤੀਆਂ ਤੇ ਇਲਾਕੇ ਦੇ ਸ਼ੈਲਰ ਮਾਲਕਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿਚ ਕਿਸਾਨਾਂ ਵਲੋਂ ਜਲਦਬਾਜ਼ੀ ਕਰਦਿਆਂ ਵੱਧ ਨਮੀ ਵਾਲਾ ਝੋਨਾ ਹੀ ਮੰਡੀ ’ਚ ਵੇਚਣ ਲਈ ਲਿਆਉਣ ’ਤੇ ਚਰਚਾ ਹੋਈ। ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਕੁਝ ਕਿਸਾਨ ਨਿਯਮਾਂ ਦੇ ਉਲਟ ਜਲਦਬਾਜ਼ੀ ਵਿੱਚ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿਚ ਲਿਆ ਰਹੇ ਹਨ, ਜਿਸ ਕਾਰਨ ਖਰੀਦ ਏਜੰਸੀਆਂ ਝੋਨਾ ਨਹੀਂ ਖਰੀਦ ਰਹੀਆਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਨਮੀ ਵਾਲਾ ਝੋਨਾ ਨਾ ਲਿਆਉਣ ਤੇ ਅਜਿਹਾ ਨਾ ਕਰਨ ’ਤੇ ਪ੍ਰੇਸ਼ਾਨੀ ਲਈ ਕਿਸਾਨ ਖੁਦ ਜ਼ਿੰਮੇਵਾਰ ਹੋਣਗੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ 17 ਫ਼ੀਸਦ ਤੋਂ ਵੱਧ ਨਮੀ ਵਾਲਾ ਝੋਨਾ ਲਿਆਉਣ ਵਾਲੇ ਕਿਸਾਨਾਂ ਦੀਆਂ ਫ਼ਸਲ ਨਾਲ ਭਰੀਆਂ ਟਰਾਲੀਆਂ ਨੂੰ ਮੋੜਿਆ ਜਾਵੇ ਕਿਉਂਕਿ ਗਿੱਲੀ ਫ਼ਸਲ ਦੀ ਆਮਦ ਕਾਰਨ ਫੜ੍ਹਾਂ ਦੀ ਘਾਟ ਪੈਦਾ ਹੋ ਜਾਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਸਤੀਸ਼ ਮਿੱਤਲ, ਟਹਿਲ ਸਿੰਘ ਔਜਲਾ, ਗੁਰਨਾਮ ਸਿੰਘ ਨਾਗਰਾ, ਕਪਿਲ ਆਨੰਦ, ਅਰਵਿੰਦਰਪਾਲ ਸਿੰਘ ਵਿੱਕੀ, ਹੁਸਨ ਲਾਲ ਮੜਕਨ ਹਾਜ਼ਰ ਸਨ।