ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਮਈ
ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਅੱਜ ਨਗਰ ਨਿਗਮ ਦੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ 650 ਕਰੋੜ ਦੀ ਲਾਗਤ ਨਾਲ ਚੱਲ ਰਹੇ ਪ੍ਰਾਜੈਕਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹੈਬੋਵਾਲ ਅਤੇ ਤਾਜਪੁਰ ਰੋਡ ’ਤੇ ਸਥਿਤ ਡੇਅਰੀ ਕੰਪਲੈਕਸ ਅਤੇ ਚੋਣਵੇਂ ਦਾਇਰਿਆਂ ਵਿੱਚ ਪੈਂਦੀਆਂ ਗਊਸ਼ਾਲਾਵਾਂ ਵਿੱਚ ਪੈਦਾ ਹੋ ਰਹੇ ਗੋਬਰ ਅਤੇ ਦੂਸ਼ਿਤ ਪਾਣੀ ਦੀ ਸੰਭਾਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੀਵਰੇਜ ਬੋਰਡ ਵੱਲੋਂ ਦੱਸਿਆ ਗਿਆ ਕਿ ਬੁੱਢਾ ਨਾਲਾ ਪ੍ਰਾਜੈਕਟ ਦਾ ਕੰਮ 75 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ। ਇਸ ਮੌਕੇ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਡੇਅਰੀ ਕੰਪਲੈਕਸਾਂ ਵਿੱਚ ਗੋਬਰ ਦੀ ਸੰਭਾਲ ਕਰਨ ਲਈ ਪੰਜਾਬ ਐਨਰਜ਼ੀ ਡਿਵੈਲਪਮੈਂਟ (ਪੇਡਾ) ਵੱਲੋਂ ਬਾਇਓ ਗੈਸ ਪਲਾਂਟ ਨੂੰ ਠੀਕ ਢੰਗ ਨਾਲ ਚਲਾਇਆ ਜਾਵੇ ਅਤੇ ਤਾਜਪੁਰ ਰੋਡ ’ਤੇ ਨਵਾਂ ਪਲਾਂਟ ਲਗਾਉਣ ਸਬੰਧੀ ਕਾਰਵਾਈ ਸਮੇਂ ਸਿਰ ਪੂਰੀ ਕੀਤੀ ਜਾਵੇ। ਇਸ ਮੌਕੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਡੇਅਰੀ ਕੰਪਲੈਕਸ ਵਿੱਚ ਈਟੀਪੀ ਲਾਉਣ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਗੋਬਰ ਦੀ ਸਾਂਭ-ਸੰਭਾਲ ਸਬੰਧੀ ਵੀ ਤਜਵੀਜ਼ ਪੇਸ਼ ਕੀਤੀ ਜਾਵੇ। ਮੀਟਿੰਗ ਵਿੱਚ ਨਿਗਮ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਦਲਜੀਤ ਸਿੰਘ, ਚੀਫ਼ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਐਕਸੀਅਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਜੀਪੀ ਸਿੰਘ, ਰਜਿੰਦਰ ਸਿੰਘ ਤੇ ਰਵਿੰਦਰ ਗਰਗ ਦੋਵੇਂ ਨਿਗਰਾਨ ਇੰਜੀਨੀਅਰ ਮੌਜੂਦ ਸਨ।