ਪੱਤਰ ਪ੍ਰੇਰਕ
ਪਾਇਲ, 12 ਜਨਵਰੀ
ਇੱਥੇ ਅੱਜ ਤਗ਼ਮਾ ਜੇਤੂ ਖਿਡਾਰੀਆਂ ਦੇ ਪਹੁੰਚਣ ’ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 9 ਜਨਵਰੀ ਨੂੰ ਗੋਆ ਵਿੱਚ ਹੋਈ 7ਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ 11ਤੋਂ 15 ਸਾਲ ਦੇ ਹੋਏ ਮੁਕਾਬਲਿਆਂ ਵਿੱਚ ਪਾਇਲ ਦੇ ਸਹਿਜਜੋਤ ਸਿੰਘ ਚੀਮਾ ਪੁੱਤਰ ਗਗਨਦੀਪ ਸਿੰਘ ਚੀਮਾ (12 ਸਾਲ) ਨੇ ਚਾਂਦੀ ਦਾ ਤਗ਼ਮਾ ਅਤੇ ਪ੍ਰਭਜੋਤ ਕੌਰ ਪੁੱਤਰੀ ਕਰਮਜੀਤ ਸਿੰਘ ਚਣਕੋਈਆਂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਕੋਚ ਮਨੋਜ ਕੁਮਾਰ ਚੌਹਾਨ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਇਲਾਵਾ ਭੂਟਾਨ, ਨੇਪਾਲ ਅਤੇ ਬੰਗਲਾਦੇਸ਼ ਦੇ 800 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿੱਚ ਪੰਜਾਬ ਦੇ 30 ਖਿਡਾਰੀਆਂ ਨੇ ਜਿੱਤਾਂ ਦਰਜ ਕੀਤਾ ਕੀਤੀਆਂ। ਅੱਜ ਸਹਿਜਜੋਤ ਚੀਮਾ ਅਤੇ ਪ੍ਰਭਜੋਤ ਕੌਰ ਨੂੰ ਦੋਰਾਹਾ ਤੋਂ ਫੁੱਲਾਂ ਨਾਲ ਸ਼ਿੰਗਾਰੀ ਖੁੱਲ੍ਹੀ ਜੀਪ ਵਿੱਚ ਲਿਆਂਦਾ ਗਿਆ। ਇਸ ਮੌਕੇ ਸਮਾਜ ਸੇਵੀ ਇੰਜ. ਜਗਦੇਵ ਸਿੰਘ ਬੋਪਾਰਾਏ ਹਾਜ਼ਰ ਸਨ। ਬੱਸ ਸਟੈਂਡ ਵਿੱਚ ਗੁਰਮਤਿ ਪ੍ਰਚਾਰ ਸੰਸਥਾ ਵੱਲੋਂ ਜੇਤੂਆਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।