ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 12 ਸਤੰਬਰ
ਕਸਬਾ ਜੋਧਾਂ ਵਿੱਚ ਇੱਕ ਨਿੱਜੀ ਕੰਪਨੀ ਦੇ ਦਫ਼ਤਰ ਵਿਚੋਂ ਤਿੰਨ ਨਕਾਬਪੋਸ਼ ਲੁਟੇਰੇ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਨਕਦੀ, ਲੈਪਟਾਪ ਅਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਕੰਪਨੀ ਦੀ ਸੰਚਾਲਕ ਅਲਕਾ ਅਰੋੜਾ ਪਤਨੀ ਗੌਰਵ ਅਰੋੜਾ ਦੀ ਸ਼ਿਕਾਇਤ ਉੱਪਰ ਥਾਣਾ ਜੋਧਾਂ ਦੀ ਪੁਲੀਸ ਨੇ ਅਗਿਆਤ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਸਿਕੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ। ਸ਼ਿਕਾਇਤਕਰਤਾ ਅਲਕਾ ਅਰੋੜਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਗਾਹਕ ਸੰਗੀਤਾ ਉਸ ਦੇ ਪਤੀ ਸਮੇਤ ਉਸ ਨੂੰ ਡਰਾ ਧਮਕਾ ਕੇ ਦਰਾਜ਼ ਵਿਚੋਂ ਕਰੀਬ 40 ਹਜ਼ਾਰ ਰੁਪਏ ਨਕਦੀ, ਟੇਬਲ ਤੋਂ ਲੈਪਟਾਪ ਅਤੇ ਫ਼ੋਨ ਖੋਹ ਕੇ ਫ਼ਰਾਰ ਹੋ ਗਏ।